ਆਜਮਗੜ੍ਹ 'ਚ ਤਮਸਾ ਪੈਂਸੇਜਰ ਟ੍ਰੇਨ ਦਾ ਇੰਜਨ ਪਟੜੀ ਤੋਂ ਉਤਰਿਆ, ਟੱਲਿਆ ਹਾਦਸਾ
Friday, Dec 08, 2017 - 12:48 PM (IST)

ਆਜਮਗੜ੍ਹ— ਉੱਤਰ ਪ੍ਰਦੇਸ਼ 'ਚ ਅੱਜ ਸਵੇਰੇ ਇਕ ਵੱਡਾ ਰੇਲ ਹਾਦਸਾ ਟੱਲਿਆ। ਸੂਤਰਾਂ ਅਨੁਸਾਰ ਟ੍ਰੇਨ ਨੰਬਰ 55125 ਤਮਸਾ ਪੈਸੇਂਜਰ ਗੱਡੀ ਉਸ ਸਮੇਂ ਪਟੜੀ ਤੋਂ ਉਤਰ ਗਈ, ਜਦੋਂ ਉਹ ਯਾਰਡ ਤੋਂ ਆਜਮਗੜ੍ਹ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਲੱਗਣ ਜਾ ਰਹੀ ਸੀ। ਉਸ ਦੌਰਾਨ ਮੁਸੇਪੁਰ ਰੇਲਵੇ ਕ੍ਰਾਸਿੰਗ ਦੇ ਗੇਟ ਨੰਬਰ 28 ਨਜ਼ਦੀਕ ਇਹ ਘਟਨਾ ਹੋਈ। ਇੰਜਨ ਦਾ ਅਗਲਾ ਚੱਕਾ ਪਟੜੀ ਤੋਂ ਉਤਰ ਗਿਆ, ਹਾਲਾਂਕਿ ਉਸ ਸਮੇਂ ਯਾਤਰੀ ਟ੍ਰੇਨ 'ਚ ਨਹੀਂ ਬੈਠੇ ਸਨ, ਜਿਸ ਕਰਕੇ ਵੱਡਾ ਹਾਦਸਾ ਟਲ ਗਿਆ।
ਤਮਸਾ ਪੈਸੇਂਜਰ ਪ੍ਰਤੀਦਿਨ ਆਜਮਗੜ੍ਹ ਤੋਂ ਸਵੇਰੇ 5.00 ਵਜੇ ਤੋਂ ਚੱਲ ਕੇ ਮਊ ਹੁੰਦੇ ਹੋਏ ਵਾਰਾਨਸੀ ਜਾਂਦੀ ਹੈ। ਇਹ ਘਟਨਾ ਅੱਜ ਸਵੇਰੇ 4.55 'ਤੇ ਹੋਈ। ਉਸ ਦੌਰਾਨ ਘਟਨਾ ਸਹਾਇਤਾ ਗੱਡੀ ਸਮੇਤ ਰੇਲਵੇ ਕਰਮੀ ਅਤੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ। ਲੱਗਭਗ 3 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ 8.20 'ਤੇ ਇੰਜਨ ਪਟੜੀ 'ਤੇ ਲਿਆਂਦਾ ਗਿਆ।