ਜੰਮੂ-ਕਸ਼ਮੀਰ ’ਚ ਖੂਨ-ਖ਼ਰਾਬਾ ਖ਼ਤਮ ਕਰਨ ਲਈ ਗੁਆਂਢੀ ਦੇਸ਼ ਨਾਲ ਗੱਲਬਾਤ ਜ਼ਰੂਰੀ : ਫਾਰੂਕ ਅਬਦੁੱਲਾ
Friday, Sep 15, 2023 - 12:53 PM (IST)
ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਜੰਮੂ-ਕਸ਼ਮੀਰ ’ਚ ਖੂਨ-ਖ਼ਰਾਬਾ ਖ਼ਤਮ ਕਰਨ ਲਈ ਗੁਆਂਢੀ ਦੇਸ਼ ਨਾਲ ਗੱਲਬਾਤ ਦੀ ਵਕਾਲਤ ਕੀਤੀ ਹੈ। ਉੱਥੇ ਹੀ ਭਾਜਪਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਦੀ ਵਕਾਲਤ ਕਰਨ ਵਾਲਿਆਂ ਨੂੰ ਸੀਖਾਂ ਪਿੱਛੇ ਸੁੱਟਣ ਦਾ ਸਮਾਂ ਆ ਗਿਆ ਹੈ। ਅਬਦੁੱਲਾ ਨੇ ਕਿਹਾ ਕਿ ਜੇ ਭਾਰਤ ਤੇ ਪਾਕਿਸਤਾਨ ਜੰਮੂ-ਕਸ਼ਮੀਰ ’ਚ ਖੂਨ-ਖ਼ਰਾਬਾ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਸ਼ਾਂਤੀ ਦਾ ਸਥਾਈ ਮਾਹੌਲ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਗੱਲਬਾਤ ਕਰਨੀ ਪਵੇਗੀ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਕਿਹਾ ਕਿ ਜੰਗਾਂ ਨਾਲ ਨਾ ਤਾਂ ਬੀਤੇ ਸਮੇਂ ਵਿਚ ਮਸਲਿਆਂ ਦਾ ਹੱਲ ਹੁੰਦਾ ਸੀ ਅਤੇ ਨਾ ਹੀ ਭਵਿੱਖ ਵਿਚ ਇਨ੍ਹਾਂ ਨਾਲ ਸ਼ਾਂਤੀ ਦਾ ਮਾਹੌਲ ਬਣ ਸਕੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਨੰਤਨਾਗ ਮੁਕਾਬਲੇ 'ਚ ਹੁਣ ਤੱਕ 4 ਜਵਾਨ ਸ਼ਹੀਦ, ਅੱਤਵਾਦੀਆਂ ਦੀ ਭਾਲ 'ਚ ਫ਼ੌਜ
ਉਨ੍ਹਾਂ ਅਨੰਤਨਾਗ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਜੰਮੂ-ਕਸ਼ਮੀਰ ਪੁਲਸ ਦੇ ਡਿਪਟੀ ਸੁਪਰਡੈਂਟ ਹੁਮਾਯੂੰ ਭੱਟ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ,‘‘ਜੇਕਰ ਗੱਲਬਾਤ ਨਹੀਂ ਹੁੰਦੀ ਤਾਂ ਅਜਿਹੀਆਂ ਘਟਨਾਵਾਂ ਜਾਰੀ ਰਹਿਣਗੀਆਂ। ਅਸੀਂ ਮੂਰਖ ਹਾਂ ਜੇ ਅਸੀਂ ਸੋਚਦੇ ਹਾਂ ਕਿ ਹਿੰਸਾ ਰੁਕ ਜਾਵੇਗੀ। ਅਸੀਂ ਜਾਨ ਗੁਆਉਂਦੇ ਰਹਾਂਗੇ। ਗੱਲਬਾਤ ਤੋਂ ਸਿਵਾਏ ਕੋਈ ਰਾਹ ਨਹੀਂ। ਦੋਵਾਂ ਦੇਸ਼ਾਂ ਨੂੰ ਆਪਣੀ ਜ਼ਿੱਦ ਛੱਡ ਕੇ ਗੱਲਬਾਤ ਕਰਨੀ ਚਾਹੀਦੀ ਹੈ।’’ ਵਰਣਨਯੋਗ ਹੈ ਕਿ ਜੰਮੂ-ਕਸ਼ਮੀਰ ’ਚ ਅਨੰਤਨਾਗ ਜ਼ਿਲੇ ਦੇ ਕੋਕੇਰਨਾਗ ਖੇਤਰ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਬੁੱਧਵਾਰ ਨੂੰ 2 ਹੋਰ ਸੁਰੱਖਿਆ ਅਧਿਕਾਰੀ ਕਰਨਲ ਮਨਪ੍ਰੀਤ ਸਿੰਘ ਤੇ ਮੇਜਰ ਆਸ਼ੀਸ਼ ਧੌਨੈਕ ਸ਼ਹੀਦ ਹੋ ਗਏ ਸਨ। ਦੂਜੇ ਪਾਸੇ ਭਾਜਪਾ ਨੇਤਾ ਅਲਤਾਫ਼ ਠਾਕੁਰ ਨੇ ਕਿਹਾ ਕਿ ਜੰਮੂ-ਕਸ਼ਮੀਰ ’ਤੇ ਪਾਕਿਸਤਾਨ ਨਾਲ ਗੱਲਬਾਤ ਦੀ ਵਕਾਲਤ ਕਰਨ ਵਾਲਿਆਂ ਨੂੰ ਸੀਖਾਂ ਪਿੱਛੇ ਸੁੱਟਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਨੈਕ ਤੇ ਡਿਪਟੀ ਸੁਪਰਡੈਂਟ ਹੁਮਾਯੂੰ ਭੱਟ ਨੂੰ ਸ਼ਰਧਾਂਜਲੀ ਭੇਟ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8