ਮਹਾਕੁੰਭ ''ਚ ਸੰਗਮ ਇਸ਼ਨਾਨ ਕਰਨਾ ਮੇਰੀ ਖੁਸ਼ਕਿਸਮਤੀ: ਰਾਜਨਾਥ ਸਿੰਘ
Saturday, Jan 18, 2025 - 04:32 PM (IST)
ਮਹਾਕੁੰਭ ਨਗਰ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਆਯੋਜਿਤ ਮਹਾਕੁੰਭ 'ਚ ਸ਼ਨੀਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਗਮ 'ਚ ਇਸ਼ਨਾਨ ਕੀਤਾ। ਸਿੰਘ ਇੱਥੇ ਬਮਰੌਲੀ ਹਵਾਈ ਅੱਡੇ 'ਤੇ ਉਤਰੇ, ਜਿੱਥੇ ਸੂਬਾ ਸਰਕਾਰ ਦੇ ਮੰਤਰੀ ਨੰਦ ਗੋਪਾਲ ਗੁਪਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਜਨਾਥ ਸਿੰਘ ਦੇ ਨਾਲ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਵੀ ਮੌਜੂਦ ਸਨ। ਰੱਖਿਆ ਮੰਤਰੀ ਨੇ ਪਹਿਲਾਂ ਸੰਗਮ 'ਚ ਇਸ਼ਨਾਨ ਕੀਤਾ ਅਤੇ ਫਿਰ ਅਕਸ਼ੈਵਟ, ਪਤਾਲਪੁਰੀ ਅਤੇ ਬੜੇ ਹਨੂੰਮਾਨ ਜੀ ਦੇ ਦਰਸ਼ਨ ਕਰਕੇ ਮਹਾਕੁੰਭ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਕ ਬਿਆਨ ਮੁਤਾਬਕ ਰੱਖਿਆ ਮੰਤਰੀ ਮਹਾਕੁੰਭ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸ਼ਾਮ ਨੂੰ ਫੌਜ ਦੇ ਅਧਿਕਾਰੀਆਂ ਨਾਲ ਬੈਠਕ ਵੀ ਕਰਨਗੇ। ਸਿੰਘ ਨੇ ਕਿਹਾ ਕਿ ਮੈਂ ਇਸ ਨੂੰ ਆਪਣੀ ਖੁਸ਼ਕਿਸਮਤੀ ਸਮਝਦਾ ਹਾਂ ਕਿ ਅੱਜ ਮੈਂ ਸੰਗਮ ਵਿਚ ਇਸ਼ਨਾਨ ਕੀਤਾ। ਇਹ ਅਧਿਆਤਮਿਕ ਅਤੇ ਸੱਭਿਆਚਾਰਕ ਤਿਉਹਾਰ ਹੈ। ਇਸ ਨੂੰ ਕਿਸੇ ਫਿਰਕੇ ਜਾਂ ਧਰਮ ਨਾਲ ਜੋੜਿਆ ਨਹੀਂ ਜਾਣਾ ਚਾਹੀਦਾ। ਜੇਕਰ ਕੋਈ ਭਾਰਤ ਅਤੇ ਭਾਰਤੀਅਤਾ ਨੂੰ ਸਮਝਣਾ ਚਾਹੁੰਦਾ ਹੈ ਤਾਂ ਆ ਕੇ ਮਹਾਕੁੰਭ ਦੇਖਣ।