ਜਾਤੀ ਮਰਦਮਸ਼ੁਮਾਰੀ ਨਾ ਕਰਵਾ ਸਕਣਾ ਮੇਰੀ ਗਲਤੀ, ਹੁਣ ਮੈਂ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ : ਰਾਹੁਲ
Saturday, Jul 26, 2025 - 01:11 AM (IST)

ਨਵੀਂ ਦਿੱਲੀ -ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸੱਤਾ ’ਚ ਰਹਿੰਦੇ ਸਮੇਂ ਜਾਤੀ ਮਰਦਮਸ਼ੁਮਾਰੀ ਨਹੀਂ ਕਰਵਾ ਸਕੀ। ਇਹ ਮੇਰੀ ਗਲਤੀ ਹੈ, ਪਰ ਹੁਣ ਮੈਂ ਇਸ ਗਲਤੀ ਨੂੰ ਸੁਧਾਰਨ ਲਈ ਕਦਮ ਚੁੱਕੇ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਸ਼ੁੱਕਰਵਾਰ ਇੱਥੇ ਕਾਂਗਰਸ ਦੇ ‘ਓ. ਬੀ. ਸੀ. ਭਾਗੀਦਾਰੀ ਨਿਆਏ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਤੀ ਮਰਦਮਸ਼ੁਮਾਰੀ ਦਾ ਮੁੱਦਾ ਇਕ ‘ਸਿਅਾਸੀ ਭੂਚਾਲ’ ਹੈ ਜਿਸ ਨੇ ਦੇਸ਼ ਦੀ ਸਿਆਸੀ ਜ਼ਮੀਨ ਨੂੰ ਹਿਲਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੈਂ 2004 ਤੋਂ ਸਿਆਸਤ ਕਰ ਰਿਹਾ ਹਾਂ। ਜਦੋਂ ਮੈਂ ਆਪਣਾ ਮੁਲਾਂਕਣ ਕਰਦਾ ਹਾਂ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਕਿਤੇ ਮੈਂ ਚੰਗਾ ਕੰਮ ਕੀਤਾ ਹੈ ਤੇ ਕਿਤੇ ਮੇਰੇ ’ਚ ਕਮੀ ਹੈ। ਭਾਵੇਂ ਇਹ ਆਦਿਵਾਸੀਆਂ, ਦਲਿਤਾਂ ਤੇ ਘੱਟਗਿਣਤੀਆਂ ਬਾਰੇ ਹੋਵੇ, ਮੈਨੂੰ ਚੰਗੇ ਅੰਕ ਮਿਲਣੇ ਚਾਹੀਦੇ ਹਨ। ਰਾਹੁਲ ਨੇ ਕਿਹਾ ਕਿ ਮੈਨੂੰ ਔਰਤਾਂ ਦੇ ਮੁੱਦੇ ’ਤੇ ਚੰਗੇ ਅੰਕ ਮਿਲਣੇ ਚਾਹੀਦੇ ਹਨ, ਪਰ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਇਕ ਗੱਲ ਦੀ ਘਾਟ ਸੀ। ਇਕ ਗਲਤੀ ਜੋ ਮੈਂ ਕੀਤੀ, ਉਹ ਇਹ ਹੈ ਕਿ ਓ. ਬੀ. ਸੀ. ਨੂੰ ਕੋਈ ਕੰਮ ਨਹੀਂ ਦਿੱਤਾ ਗਿਆ। ਮੈਂ ਇਸ ਵਰਗ ਦੀ ਉਸ ਤਰ੍ਹਾਂ ਰੱਖਿਆ ਨਹੀਂ ਕੀਤੀ ਜਿਸ ਤਰ੍ਹਾਂ ਮੈਨੂੰ ਕਰਨੀ ਚਾਹੀਦੀ ਸੀ। ਇਸ ਦਾ ਕਾਰਨ ਇਹ ਹੈ ਕਿ ਮੈਂ ਉਸ ਸਮੇਂ ਅਜਿਹੇ ਮੁੱਦਿਆਂ ਨੂੰ ਡੂੰਘਾਈ ਨਾਲ ਨਹੀਂ ਸਮਝਿਆ। ਜਾਤੀ ਮਰਦਮਸ਼ੁਮਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਉਹ ਸਿਅਾਸੀ ਭੂਚਾਲ ਹੈ ਜਿਸ ਦਾ ਝਟਕਾ ਲੋਕਾਂ ਨੂੰ ਨਹੀਂ ਲੱਗਾ ਪਰ ਕੰਮ ਹੋ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ’ਚ ਕੋਈ ਦਮ ਨਹੀਂ
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਉਨ੍ਹਾਂ ’ਚ ਕੋਈ ਦਮ ਨਹੀਂ ਹੈ। ਆਪਣੇ ਭਾਸ਼ਣ ਦੌਰਾਨ ਜਦੋਂ ਰਾਹੁਲ ਨੇ ਪੁੱਛਿਆ ਕਿ ਦੇਸ਼ ’ਚ ਸਭ ਤੋਂ ਵੱਡੀ ਸਮੱਸਿਆ ਕੀ ਹੈ ਤਾਂ ਉੱਥੇ ਮੌਜੂਦ ਇਕ ਵਿਅਕਤੀ ਨੇ ਪ੍ਰਧਾਨ ਮੰਤਰੀ ਦਾ ਨਾਂ ਲਿਆ। ਇਸ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਨਰਿੰਦਰ ਮੋਦੀ ਕੋਈ ਵੱਡੀ ਸਮੱਸਿਆ ਨਹੀਂ ਹੈ। ਮੀਡੀਆ ਵਾਲਿਆਂ ਨੇ ਸਿਰਫ਼ ਇਕ ਗੁਬਾਰਾ ਬਣਾ ਕੇ ਰੱਖਿਆ ਹੈ। ਮੈਂ ਉਨ੍ਹਾਂ ਨੂੰ ਮਿਲਿਆ ਹਾਂ, ਕਮਰੇ ’ਚ ਉਨ੍ਹਾਂ ਨਾਲ ਬੈਠਾ ਹਾਂ। ਸਿਰਫ਼ ਸ਼ੋਅ ਹਨ, ਕੋਈ ਦਮ ਨਹੀਂ ਹੈ।