ਬੱਗਾ ਦੇ ਪਿਤਾ ਦਾ ਦਾਅਵਾ : ਮੇਰੇ ਪੁੱਤਰ ਤੋਂ ਡਰਦੇ ਹਨ ਕੇਜਰੀਵਾਲ, ਡਰਾਉਣ ਲਈ ਕੀਤੀ ਪੰਜਾਬ ਪੁਲਸ ਦੀ ਵਰਤੋਂ
Monday, May 09, 2022 - 10:05 AM (IST)
ਨਵੀਂ ਦਿੱਲੀ (ਭਾਸ਼ਾ)- ਭਾਜਪਾ ਦੀ ਦਿੱਲੀ ਇਕਾਈ ਦੇ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਪੁੱਤਰ ਤੋਂ ਡਰਦੇ ਹਨ ਅਤੇ ਪਰਿਵਾਰ ਨੂੰ ਡਰਾਉਣ ਲਈ ਪੰਜਾਬ ਪੁਲਸ ਦੀ ਵਰਤੋਂ ਕਰ ਰਹੇ ਹਨ। ਬੀਤੇ ਕੁਝ ਦਿਨਾਂ ’ਚ, ਪੰਜਾਬ ਪੁਲਸ ਵੱਲੋਂ ਬੱਗਾ ਦੀ ਗ੍ਰਿਫਤਾਰੀ ਅਤੇ ਰਿਹਾਈ ਫਿਰ ਅਗਲੇ ਦਿਨ ਮੋਹਾਲੀ ਦੀ ਇਕ ਅਦਾਲਤ ਵੱਲੋਂ ਭਾਜਪਾ ਨੇਤਾ ਦੇ ਖਿਲਾਫ ਜਾਰੀ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਬਹੁਤ ਔਖਾ ਸਮਾਂ ਹੈ ਪਰ ਉਹ ‘ਸੱਚਾਈ ਲਈ ਲੜਣ ਨੂੰ ਤਿਆਰ’ ਹਨ।
ਇਹ ਵੀ ਪੜ੍ਹੋ: ਰਿਹਾਅ ਹੋਣ ਮਗਰੋਂ ਬੱਗਾ ਦੀ CM ਕੇਜਰੀਵਾਲ ਨੂੰ ਚੁਣੌਤੀ, ਕਿਹਾ- ਭਾਵੇਂ 100 FIR ਕਰਵਾ ਦਿਓ, ਡਰਨ ਵਾਲੇ ਨਹੀਂ
ਪ੍ਰੀਤਪਾਲ ਸਿੰਘ ਨੇ ਇਹ ਵੀ ਕਿਹਾ, ‘‘ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਜਿੰਦਰ ਪਾਲ ਤੋਂ ਡਰੇ ਹੋਏ ਹਨ। ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਹ ਸਿਲਸਿਲਾ ਪਿਛਲੇ 5-7 ਸਾਲਾਂ ਤੋਂ ਚੱਲ ਰਿਹਾ ਹੈ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਬੱਗਾ ਬਾਰੇ ਭੈੜੇ ਸੁਫਨੇ ਆਉਂਦੇ ਹਨ।’’ ਉਨ੍ਹਾਂ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਕੁਝ ਨਹੀਂ ਕਰ ਸਕਦੇ ਸਨ ਕਿਉਂਕਿ ਉਨ੍ਹਾਂ ਦੇ ਅਧੀਨ ਪੁਲਸ ਨਹੀਂ ਸੀ ਪਰ ਹੁਣ ਪੰਜਾਬ ਪੁਲਸ 'ਆਪ' ਸਰਕਾਰ ਅਧੀਨ ਹੈ ਅਤੇ ਉਹ ਇਸ ਦਾ ਇਸਤੇਮਾਲ ਸਾਨੂੰ ਡਰਾਉਣ ਲਈ ਕਰ ਰਹੇ ਹਨ। ਪ੍ਰੀਤਪਾਲ ਸਿੰਘ ਨੇ ਕਿਹਾ, ‘‘ਜੋ ਹੋ ਰਿਹਾ ਹੈ ਚੰਗੇ ਲਈ ਹੋ ਰਿਹਾ ਹੈ ਅਤੇ ਭਵਿੱਖ ’ਚ ਜੋ ਹੋਵੇਗਾ ਉਹ ਵੀ ਚੰਗੇ ਲਈ ਹੋਵੇਗਾ।’’ ਉਨ੍ਹਾਂ ਨੇ ਕਿਹਾ, ‘‘ਉਨ੍ਹਾਂ ਦੇ ਪੁੱਤਰ ਦੇ ਖਿਲਾਫ ਸ਼ਨੀਵਾਰ ਨੂੰ ਜਾਰੀ ਗੈਰ-ਜ਼ਮਾਨਤੀ ਵਾਰੰਟ ’ਚ ਉਨ੍ਹਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਮੇਰਾ ਪੁੱਤਰ ਵਕੀਲਾਂ ਤੋਂ ਸਲਾਹ ਲੈ ਰਿਹਾ ਹੈ, ਅਸੀਂ ਉਨ੍ਹਾਂ ਦੀ ਸਲਾਹ ਅਨੁਸਾਰ ਅੱਗੇ ਵਧਾਂਗੇ।’’
ਇਹ ਵੀ ਪੜ੍ਹੋ: ਮੈਡੀਕਲ ਰਿਪੋਰਟ ’ਚ ਖ਼ੁਲਾਸਾ, ਤੇਜਿੰਦਰ ਬੱਗਾ ਦੇ ਮੋਢਿਆਂ ਅਤੇ ਪਿੱਠ ’ਚ ਲੱਗੀਆਂ ਸੱਟਾਂ
ਦੱਸ ਦੇਈਏ ਕਿ ਮੋਹਾਲੀ ਅਦਾਲਤ ਤੋਂ ਪਿਛਲੇ ਮਹੀਨੇ ਪੰਜਾਬ ਪੁਲਸ ਵਲੋਂ ਦਰਜ ਇਕ ਮਾਮਲੇ ਦੇ ਸਬੰਧ ਵਿਚ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਦੇ ਕੁਝ ਘੰਟਿਆਂ ਬਾਅਦ ਬੱਗਾ ਨੇ ਇਸ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਬੱਗਾ ਨੂੰ ਰਾਹਤ ਦਿੰਦੇ ਹੋਏ ਅਦਾਲਤ ਨੇ ਸ਼ਨੀਵਾਰ ਰਾਤ ਨੂੰ ਨਿਰਦੇਸ਼ ਦਿੱਤੇ ਸਨ ਕਿ ਉਸ ਦੇ ਖਿਲਾਫ ਕੋਈ ਸਜ਼ਾਤਮਕ ਕਦਮ ਨਹੀਂ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ: ਹਾਈਕੋਰਟ ਵੱਲੋਂ ਭਾਜਪਾ ਆਗੂ ਤਜਿੰਦਰ ਪਾਲ ਬੱਗਾ ਮਾਮਲੇ ਦੀ ਸੁਣਵਾਈ ਮੰਗਲਵਾਰ ਤੱਕ ਮੁਲਤਵੀ