ਤਬਰੇਜ਼ ਅੰਸਾਰੀ ਕਤਲ ਦੇ ਵਿਰੋਧ ''ਚ ਮੇਰਠ ''ਚ ਹੰਗਾਮਾ, ਲਾਠੀਚਾਰਜ, ਇੰਟਰਨੈੱਟ ਸੇਵਾਵਾਂ ਬੰਦ

Monday, Jul 01, 2019 - 10:43 AM (IST)

ਤਬਰੇਜ਼ ਅੰਸਾਰੀ ਕਤਲ ਦੇ ਵਿਰੋਧ ''ਚ ਮੇਰਠ ''ਚ ਹੰਗਾਮਾ, ਲਾਠੀਚਾਰਜ, ਇੰਟਰਨੈੱਟ ਸੇਵਾਵਾਂ ਬੰਦ

ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ 'ਚ ਤਣਾਅਪੂਰਨ ਸ਼ਾਂਤੀ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ ਚੌਕਸੀ ਦੇ ਤੌਰ 'ਤੇ ਜ਼ਿਲੇ 'ਚ ਅਗਲੇ ਆਦੇਸ਼ ਤੱਕ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਝਾਰਖੰਡ 'ਚ ਤਬਰੇਜ਼ ਅੰਸਾਰੀ ਦੀ ਭੀੜ ਵਲੋਂ ਕੁੱਟ-ਕੁੱਟ ਕੇ ਹੱਤਿਆ ਕਰਨ ਦੀ ਘਟਨਾ ਨੂੰ ਲੈ ਕੇ ਐਤਵਾਰ ਦੇਰ ਸ਼ਾਮ 'ਯੂਥ ਸੇਵਾ ਕਮੇਟੀ' ਦੇ ਬੈਨਰ ਹੇਠ 'ਫੈਜ਼-ਏ-ਆਮ ਇੰਟਰ ਕਾਲਜ' 'ਚ ਸਭਾ ਕੀਤੀ ਗਈ। ਇਸ ਤੋਂ ਬਾਅਦ ਵੱਡੀ ਗਿਣਤ 'ਚ ਲੋਕਾਂ ਨੇ ਬਿਨਾਂ ਮਨਜ਼ੂਰੀ ਦੇ ਜੁਲੂਸ ਕੱਢਿਆ। ਪੁਲਸ ਨੇ ਕਈ ਜਗ੍ਹਾ ਜੁਲੂਸ ਰੋਕਣ ਦੀ ਕੋਸ਼ਿਸ਼ ਕੀਤੀ। ਭੀੜ ਨੇ ਪੁਲਸ 'ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਪੁਲਸ ਨੇ ਭੀੜ 'ਤੇ ਲਾਠੀਚਾਰਜ ਕਰ ਦਿੱਤਾ।

ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ। 5 ਪੁਲਸ ਕਰਮਚਾਰੀਆਂ ਨੂੰ ਵੀ ਸੱਟ ਲੱਗੀ ਹੈ। ਸੀਨੀਅਰ ਪੁਲਸ ਕਮਿਸ਼ਨਰ ਨਿਤਿਨ ਤਿਵਾੜੀ ਨੇ ਦੱਸਿਆ ਕਿ ਸ਼ਹਿਰ 'ਚ ਧਾਰਾ 144 ਲਾਗੂ ਹੈ। 'ਫੈਜ਼-ਏ-ਆਮ ਕਾਲਜ' 'ਚ ਬਿਨਾਂ ਮਨਜ਼ੂਰੀ ਸਭਾ ਕੀਤੀ ਗਈ ਅਤੇ ਉਸ ਤੋਂ ਬਾਅਦ ਬਿਨਾਂ ਮਨਜ਼ੂਰੀ ਦੇ ਜੁਲੂਸ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਦੇ ਰੋਕਣ 'ਤੇ ਕੁਝ ਲੋਕਾਂ ਨੇ ਪਥਰਾਅ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨਾਲ ਹੱਥੋਪਾਈ ਅਤੇ ਪਥਰਾਅ ਦੇ ਦੋਸ਼ 'ਚ 10 ਤੋਂ ਵਧ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਘਟਨਾ ਤੋਂ ਬਾਅਦ ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪੁਲਸ ਨੇ 70 ਨਾਮਜ਼ਦ ਸਮੇਤ ਇਕ ਹਜ਼ਾਰ ਲੋਕਾਂ ਵਿਰੁੱਧ ਗੰਭੀਰ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਹੈ। ਤਿਵਾੜੀ ਨੇ ਦੱਸਿਆ ਕਿ ਸਾਰੇ ਮੋਬਾਇਲ ਅਤੇ ਨਿੱਜੀ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ਼ ਬੀ.ਐੱਸ.ਐੱਨ.ਐੱਲ. ਬ੍ਰਾਡਬੈਂਡ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ।


author

DIsha

Content Editor

Related News