ਤਬਲੀਗੀ ਜਮਾਤ: ਦਿੱਲੀ ਦੀ ਅਦਾਲਤ ਨੇ 92 ਇੰਡੋਨੇਸ਼ੀਆਈ ਨਾਗਰਿਕਾਂ ਨੂੰ ਦਿੱਤੀ ਜ਼ਮਾਨਤ
Thursday, Jul 16, 2020 - 06:26 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੀ ਇਕ ਅਦਾਲਤ ਨੇ ਤਬਲੀਗੀ ਜਮਾਤ ਵਿਚ ਸ਼ਾਮਲ ਹੋਏ 92 ਇੰਡੋਨੇਸ਼ੀਆਈ ਨਾਗਰਿਕਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇਨ੍ਹਾਂ 'ਤੇ ਕਥਿਤ ਰੂਪ ਨਾਲ ਵੀਜ਼ਾ ਨਿਯਮਾਂ ਦਾ ਉਲੰਘਣ ਕਰ ਕੇ ਧਰਮ ਪ੍ਰਚਾਰ ਦੇ ਕੰਮਾਂ 'ਚ ਸ਼ਾਮਲ ਹੋਣ ਅਤੇ ਕੋਰੋਨਾ ਦੇ ਸੰਬਧ 'ਚ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣਾ ਦਾ ਦੋਸ਼ ਹੈ। ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਗੁਰਮੋਹਿਨਾ ਕੌਰ ਨੇ 10-10 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਜ਼ਮਾਨਤ ਦੇ ਦਿੱਤੀ।
ਵਿਦੇਸ਼ੀਆਂ ਵਲੋਂ ਪੇਸ਼ ਹੋਏ ਵਕੀਲਾਂ ਆਸ਼ਿਮਾ ਮੰਡਲਾ, ਮੰਦਾਕਿਨੀ ਸਿੰਘ ਅਤੇ ਫਹੀਮ ਖਾਨ ਨੇ ਦੱਸਿਆ ਕਿ ਸਾਰੇ ਦੋਸ਼ੀ ਸ਼ੁੱਕਰਵਾਰ ਨੂੰ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਸਜ਼ਾ ਘੱਟ ਕਰਨ ਦੀ ਬੇਨਤੀ ਕਰਨ ਵਾਲੀ ਅਰਜ਼ੀ ਦੇਣਗੇ। ਸੀ. ਆਰ. ਪੀ. ਸੀ. ਅਜਿਹੇ ਮਾਮਲਿਆਂ ਵਿਚ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਸਜ਼ਾ ਘੱਟ ਕਰਨ ਦੀ ਬੇਨਤੀ ਕਰਨ ਦੀ ਆਗਿਆ ਦਿੰਦੀ ਹੈ, ਜਿਨ੍ਹਾਂ 'ਚ ਵੱਧ ਤੋਂ ਵੱਧ ਸਜ਼ਾ 7 ਸਾਲ ਜੇਲ ਹੋਵੇ, ਅਪਰਾਧ ਨਾਲ ਸਮਾਜ ਦਾ ਸਮਾਜਿਕ-ਆਰਥਿਕ ਤਾਣਾ-ਬਾਨਾ ਪ੍ਰਭਾਵਿਤ ਨਾ ਹੋਇਆ ਹੋਵੇ ਅਤੇ ਅਪਰਾਧ ਕਿਸੇ ਜਨਾਨੀ ਜਾਂ 14 ਸਾਲ ਤੋਂ ਘੱਟ ਉਮਰ ਦੇ ਬੱਚੇ ਖ਼ਿਲਾਫ਼ ਨਾ ਕੀਤਾ ਗਿਆ ਹੋਵੇ।