ਕੁੱਤੇ ਤੋਂ ਬਚਣ ਦੇ ਚੱਕਰ 'ਚ Swiggy Delivery Boy ਨੇ ਚੁੱਕਿਆ ਅਜਿਹਾ ਕਦਮ ਕਿ ਗੁਆਉਣੀ ਪਈ ਜਾਨ
Tuesday, Jan 17, 2023 - 02:08 AM (IST)
ਨੈਸ਼ਨਲ ਡੈਸਕ: ਕੁੱਤੇ ਦੇ ਹਮਲੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੇ ਡਿਲੀਵਰੀ ਬੁਆਏ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਵਿਗੀ ਡਿਲੀਵਰੀ ਬੁਆਏ ਰਿਜ਼ਵਾਨ ਅਪਾਰਟਮੈਂਟ 'ਚ ਖਾਣਾ ਡਿਲੀਵਰ ਕਰਨ ਪਹੁੰਚਿਆ ਸੀ। ਇਸ ਦੌਰਾਨ ਉਸ ਨੂੰ ਜਰਮਨ ਸ਼ੈਫਰਡ ਕੁੱਤਾ ਪੈ ਗਿਆ। ਕੁੱਤੇ ਤੋਂ ਬਚਣ ਲਈ ਰਿਜ਼ਵਾਨ ਨੇ ਅਪਾਰਟਮੈਂਟ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਮੱਥੇ ਲੱਗਾ ਕਲੰਕ, ਨੌਜਵਾਨ ਨੇ ਲਿਫਟ ਦੇਣ ਦੇ ਬਹਾਨੇ 90 ਸਾਲਾ ਬਜ਼ੁਰਗ ਨਾਲ ਕੀਤੀ ਦਰਿੰਦਗੀ
ਮਾਮਲਾ ਹੈਦਰਾਬਾਦ ਦੇ ਪੌਸ਼ ਬੰਜਾਰਾ ਹਿਲਜ਼ ਇਲਾਕੇ ਦਾ ਹੈ। ਜਾਣਕਾਰੀ ਮੁਤਾਬਕ 23 ਸਾਲਾ ਮੁਹੰਮਦ ਰਿਜ਼ਵਾਨ ਬੰਜਾਰਾ ਹਿਲਸ ਸਥਿਤ ਲੁੰਬੀਨੀ ਰੌਕ ਕੈਸਲ ਅਪਾਰਟਮੈਂਟ 'ਚ ਖਾਣਾ ਡਿਲੀਵਰ ਕਰਨ ਗਿਆ ਸੀ। ਜਦੋਂ ਉਸ ਨੇ ਫਲੈਟ ਦਾ ਦਰਵਾਜ਼ਾ ਖੜਕਾਇਆ ਤਾਂ ਗਾਹਕ ਦਾ ਪਾਲਤੂ ਕੁੱਤਾ (ਜਰਮਨ ਸ਼ੈਫਰਡ) ਉਸ 'ਤੇ ਭੌਂਕਣ ਲੱਗ ਪਿਆ ਅਤੇ ਝਪਟ ਪਿਆ। ਡਰ ਦੇ ਮਾਰੇ ਰਿਜ਼ਵਾਨ ਨੇ ਅਪਾਰਟਮੈਂਟ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਰਿਜ਼ਵਾਨ ਨੂੰ ਨਿਜ਼ਾਮ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਐੱਨ.ਆਈ.ਐੱਮ.ਐੱਸ.) ਲਿਜਾਇਆ ਗਿਆ ਅਤੇ ਗੰਭੀਰ ਹਾਲਤ ਵਿਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਵੱਲੋਂ ਹਾਈਵੇ ਤੇ ਰੇਲਵੇ ਜਾਮ, ਗਵਰਨਰ ਦੀ ਜਲੰਧਰ ਫੇਰੀ ਬਾਰੇ ਕਰ ਦਿੱਤਾ ਇਹ ਐਲਾਨ
ਬੰਜਾਰਾ ਹਿਲਜ਼ ਦੇ ਥਾਣੇਦਾਰ ਐੱਮ ਨਰਿੰਦਰ ਨੇ ਦੱਸਿਆ ਕਿ ਰਿਜ਼ਵਾਨ ਜਦੋਂ ਗਾਹਕ ਨੂੰ ਪਾਰਸਲ ਸੌਂਪ ਰਿਹਾ ਸੀ ਤਾਂ ਜਰਮਨ ਸ਼ੈਫਰਡ ਘਰ ਤੋਂ ਬਾਹਰ ਆਇਆ ਅਤੇ ਰਿਜ਼ਵਾਨ 'ਤੇ ਝਪਟ ਪਿਆ। ਹਮਲੇ ਦੇ ਡਰੋਂ ਰਿਜ਼ਵਾਨ ਨੇ ਆਪਣੀ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕੁੱਤਾ ਉਸ ਦਾ ਪਿੱਛਾ ਕਰਦਾ ਰਿਹਾ। ਫਿਰ ਰਿਜ਼ਵਾਨ ਨੇ ਅਪਾਰਟਮੈਂਟ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਨੇ ਅੱਗੇ ਕਿਹਾ, “ਸਵਿਗੀ ਡਿਲੀਵਰੀ ਬੁਆਏ ਮੁਹੰਮਦ ਰਿਜ਼ਵਾਨ ਨੇ ਸ਼ਨੀਵਾਰ ਸ਼ਾਮ ਤਕਰੀਬਨ 6.30 ਵਜੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮਾਮਲੇ 'ਚ ਦਾਇਰ ਕੇਸ ਨੂੰ ਧਾਰਾ 304 (ਏ) ਆਈ.ਪੀ.ਸੀ. ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।