ਸਵੱਛਤਾ ਸਰਵੇਖਣ 2020: ਹਰਿਆਣਾ ਦਾ ਕਰਨਾਲ ਟਾਪ-20 ਸ਼ਹਿਰਾਂ ’ਚ ਸ਼ਾਮਲ
Thursday, Aug 20, 2020 - 06:59 PM (IST)
ਕਰਨਾਲ— ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਸ਼ਹਿਰਾਂ ’ਚ ਸਾਫ-ਸਫਾਈ ਨਾਲ ਸੰਬੰਧਤ ਸਵੱਛਤਾ ਸਰਵੇਖਣ 2020 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨੇ ਟਾਪ 20 ਸਾਫ-ਸੁਥਰੇ ਸ਼ਹਿਰਾਂ ਵਿਚ ਥਾਂ ਬਣਾਈ ਹੈ। ਕਰਨਾਲ ਇਸ ਵਾਰ 17ਵੇਂ ਸਥਾਨ ’ਤੇ ਰਿਹਾ। ਪਿਛਲੇ ਸਾਲ ਜ਼ਿਲ੍ਹਾ 24ਵੇਂ ਸਥਾਨ ’ਤੇ ਰਿਹਾ ਸੀ। ਸਵੱਛਤਾ ਸਰਵੇਖਣ ਰੈਂਕਿੰਗ ਵਿਚ ਇੰਦੌਰ ਲਗਾਤਾਰ ਚੌਥੇ ਸਾਲ ਭਾਰਤ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਐਲਾਨ ਕੀਤਾ ਗਿਆ ਹੈ।
ਉੱਥੇ ਹੀ ਸਵੱਛਤਾ ਰੈਂਕਿੰਗ ਵਿਚ ਲਗਾਤਾਰ ਪੰਚਕੂਲਾ ਨੇ ਸੁਧਾਰ ਕਰਦੇ ਹੋਏ ਇਸ ਵਾਰ 56ਵਾਂ ਸਥਾਨ ਹਾਸਲ ਕੀਤਾ ਹੈ। ਸਾਲ 2018 ਵਿਚ ਪੰਚਕੂਲਾ ਦਾ ਸਥਾਨ 142ਵਾਂ ਸੀ। ਜਿਸ ਤੋਂ ਬਾਅਦ 2019 ਵਿਚ ਸੁਧਾਰ ਕਰਦੇ ਹੋਏ ਪੰਚਕੂਲਾ 71ਵੇਂ ਸਥਾਨ ’ਤੇ ਪਹੁੰਚ ਗਿਆ। ਪੰਚਕੂਲਾ ਨੇ ਇਸ ਵਾਰ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਦੇ ਹੋਏ 56ਵਾਂ ਸਥਾਨ ਹਾਸਲ ਕੀਤਾ ਹੈ। ਪੰਚਕੂਲਾ ਹੁਣ ਹਰ ਸਾਲ ਆਪਣੀ ਰੈਂਕਿੰਗ ’ਚ ਸੁਧਾਰ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲਾ ਵਲੋਂ 2016 ਤੋਂ ਸਵੱਛਤਾ ਸਰਵੇਖਣ ਕੀਤਾ ਗਿਆ ਸੀ। ਇਹ ਸ਼ਹਿਰਾਂ ਅਤੇ ਮਹਾਨਗਰਾਂ ਵਿਚਾਲੇ ਸਵੱਛਤਾ ਮੁਕਾਬਲੇ ਦੀ ਭਾਵਨਾ ਨੂੰ ਹੱਲਾ-ਸ਼ੇਰੀ ਦੇਣ ਵਿਚ ਸਹਾਇਕ ਸਾਬਤ ਹੋਇਆ ਹੈ। ਇਸ ਸਰਵੇਖਣ ਦਾ ਮਕਸਦ ਸਵੱਛ ਸ਼ਹਿਰਾਂ ਦਾ ਨਿਰਮਾਣ ਅਤੇ ਸਫਾਈ ਪ੍ਰਤੀ ਨਾਗਰਿਕਾਂ ਦੀ ਸੋਚ ’ਚ ਤਬਦੀਲੀ ਲਿਆਉਣਾ ਹੈ।