ਅਲਵਿਦਾ ਸੁਸ਼ਮਾ ਸਵਰਾਜ : ਦਿੱਲੀ 'ਚ ਦੋ ਦਿਨਾਂ ਰਾਸ਼ਟਰੀ ਸੋਗ
Wednesday, Aug 07, 2019 - 04:16 PM (IST)
ਨਵੀਂ ਦਿੱਲੀ— ਭਾਜਪਾ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦਿੱਲੀ ਦੇ ਏਮਜ਼ ਹਸਪਤਾਲ 'ਚ ਮੰਗਲਵਾਰ ਰਾਤ ਨੂੰ ਦਿਹਾਂਤ ਹੋ ਗਿਆ। ਸੁਸ਼ਮਾ ਸਵਰਾਜ ਦੇ ਦਿਹਾਂਤ ਦੀ ਖ਼ਬਰ ਨਾਲ ਦੇਸ਼ ਭਰ ਵਿਚ ਸੋਗ ਦੀ ਲਹਿਰ ਹੈ। ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਸੁਸ਼ਮਾ ਸਵਰਾਜ ਹੁਣ ਸਾਡੇ ਦਰਮਿਆਨ ਨਹੀਂ ਰਹੀ ਹੈ। ਉੱਥੇ ਹੀ ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਦਿੱਲੀ ਸਰਕਾਰ ਨੇ ਦੋ ਦਿਨਾਂ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਦਿੱਲੀ ਦੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਨੇ ਇਸ ਦਾ ਐਲਾਨ ਕੀਤਾ। ਸਿਸੋਦੀਆ ਨੇ ਟਵੀਟ ਕੀਤਾ ਕਿ ਹੁਣ ਵੀ ਯਕੀਨ ਨਹੀਂ ਹੋ ਰਿਹਾ ਕਿ ਹੇਸ਼ਮਾ ਦਿਲ ਤੋਂ ਮੁਸਕਰਾ ਕੇ ਸਵਾਗਤ ਕਰਨ ਵਾਲੀ ਸੁਸ਼ਮਾ ਦੀ ਹੁਣ ਨਹੀਂ ਰਹੀ। ਦਿੱਲੀ ਵਿਚ ਉਨ੍ਹਾਂ ਦੇ ਦਿਹਾਂਤ ਵਿਚ ਦੋ ਦਿਨ ਦਾ ਰਾਸ਼ਟਰੀ ਸੋਗ ਰਹੇਗਾ।
ਇੱਥੇ ਦੱਸ ਦੇਈਏ ਕਿ ਸੁਸ਼ਮਾ ਸਵਰਾਜ ਦੇ ਪਰਿਵਾਰ ਵਿਚ ਪਤੀ ਸਵਰਾਜ ਕੌਲ ਅਤੇ ਇਕ ਬੇਟੀ ਬਾਂਸੁਰੀ ਸਵਰਾਜ ਹੈ। ਸੁਸ਼ਮਾ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਵੀ ਹੋਈ ਸੀ। ਉਨ੍ਹਾਂ ਨੇ ਲੋਕ ਸਭਾ ਚੋਣਾਂ 2019 ਵੀ ਨਹੀਂ ਲੜੀਆਂ ਸਨ। ਉਹ ਕੁਝ ਸਮੇਂ ਲਈ ਰਾਜਨੀਤੀ ਤੋਂ ਵਿਰਾਮ ਚਾਹੁੰਦੀ ਸੀ। ਸੁਸ਼ਮਾ ਨੂੰ ਬੀਤੀ ਰਾਤ ਕਰੀਬ 10 ਵਜੇ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਅਤੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।