ਸੁਸ਼ਮਾ ਸਵਰਾਜ ਨੇ ਕੀਤੀ ਸ਼ਿੰਜੋ ਆਬੇ ਨਾਲ ਮੁਲਾਕਾਤ, ਦੋ-ਪੱਖੀ ਸਬੰਧਾਂ ''ਤੇ ਹੋਈ ਚਰਚਾ (ਵੀਡੀਓ)

Friday, Mar 30, 2018 - 04:05 PM (IST)

ਟੋਕੀਓ(ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇੱਥੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਆਬੇ ਨੂੰ ਪੀ.ਐਮ ਨਰਿੰਦਰ ਮੋਦੀ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਤੁਹਾਨੂੰ ਦੱਸ ਦਈਏ ਕਿ ਸਵਰਾਜ 3 ਦਿਨੀਂ ਦੌਰੇ 'ਤੇ ਜਾਪਾਨ ਆਈ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, 'ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਾਪਾਨ ਦੇ ਪੀ.ਐਮ ਸ਼ਿੰਜੋ ਆਬੇ ਨਾਲ ਅੱਜ ਭਾਵ ਸ਼ੁੱਕਰਵਾਰ ਸਵੇਰੇ ਮੁਲਾਕਾਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਬੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।' ਕੁਮਾਰ ਦੇ ਟਵੀਟ ਸੰਦੇਸ਼ ਮੁਤਾਬਕ ਮੁਲਾਕਾਤ ਦੌਰਾਨ ਆਬੇ ਨੇ ਸਵਰਾਜ ਨੂੰ ਕਿਹਾ ਦੋਵਾਂ ਦੇਸ਼ਾਂ ਦੇ ਰਵਾਇਤੀ ਸਬੰਧਾਂ ਦੀ ਖਾਸੀਅਤ ਦਿਲ ਦਾ ਦਿਲ ਨਾਲ ਜੁੜਿਆ ਹੋਣਾ ਹੈ ਅਤੇ ਇਨ੍ਹਾਂ ਵਿਚ ਵਾਧੇ ਦੀਆਂ ਕਈ ਸੰਭਾਵਨਾਵਾਂ ਹਨ।


ਸਵਰਾਜ ਵਿਦੇਸ਼ ਮੰਤਰੀ ਦੇ ਤੌਰ 'ਤੇ ਜਾਪਾਨ ਦਾ ਪਹਿਲਾ ਦੌਰਾ ਕਰ ਰਹੀ ਹੈ। ਉਹ ਭਾਰਤ-ਜਾਪਾਨ ਰਣਨੀਤਕ ਵਾਰਤਾ ਦੇ ਨੌਵੇਂ ਚੱਕਰ ਵਿਚ ਭਾਗ ਲੈਣ ਲਈ ਬੁੱਧਵਾਰ ਨੂੰ ਇੱਥੇ ਪਹੁੰਚੀ ਸੀ। ਉਨ੍ਹਾਂ ਕੱਲ ਇੱਥੇ ਜਾਪਾਨੀ ਵਿਦੇਸ਼ ਮੰਤਰੀ ਤਾਰੋ ਕਾਨੋ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੋ-ਪੱਖੀ ਸਬੰਧਾਂ ਦੀ ਸਮੀਖਿਆ ਕੀਤੀ। ਸਵਰਾਜ ਨੇ ਆਪਣੇ ਦੌਰੇ ਨੂੰ 'ਬਹੁਤ ਉਤਪਾਦਕ' ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਨੇ ਇਸ ਸਾਲ ਅਗਲੇ ਦੋ-ਪੱਖੀ ਸਾਲਾਨਾ ਸ਼ਿਖਰ ਸੰਮੇਲਨ ਵਿਚ ਪੀ.ਐਮ ਮੋਦੀ ਦੀ ਭਾਗੀਦਾਰੀ ਲਈ ਉਨ੍ਹਾਂ ਦੀ ਯਾਤਰਾ ਦਾ ਮਜਬੂਤ ਆਧਾਰ ਤਿਆਰ ਕੀਤਾ ਹੈ। ਆਬੇ ਨਾਲ ਮੁਲਾਕਾਤ ਦੇ ਕੁੱਝ ਘੰਟੇ ਬਾਅਦ ਸਵਰਾਜ ਆਪਣੀ ਯਾਤਰਾ ਖਤਮ ਕਰ ਕੇ ਜਾਪਾਨ ਤੋਂ ਵਾਪਸ ਰਵਾਨਾ ਹੋ ਗਈ।
ਜਿਸ ਤੋਂ ਬਾਅਦ ਟੋਕੀਓ ਵਿਚ ਸਥਿਤ ਭਾਰਤੀ ਦੂਤਘਰ ਨੇ ਟਵੀਟ ਕੀਤਾ, 'ਸਾਓਨਾਰਾ! ਈ.ਐਮ.ਏ (ਅਲਵਿਦਾ ਵਿਦੇਸ਼ ਮੰਤਰੀ ਜੀ)। ਨੌਵੀਂ ਭਾਰਤ-ਜਾਪਾਨ ਰਣਨੀਤਕ ਵਾਰਤਾ ਵਿਚ ਭਾਗ ਲੈਣ ਆਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜਾਪਾਨ ਦੇ ਪਹਿਲੇ ਅਧਿਕਾਰਤ ਦੌਰੇ ਨੂੰ ਖਤਮ ਕਰ ਕੇ ਵਾਪਸ ਜਾ ਰਹੀ ਹੈ।' ਇਸ ਤੋਂ ਪਹਿਲਾਂ ਸਵਰਾਜ ਨੇ ਕੱਲ ਸੱਤਾਧਾਰੀ ਲਿਬਰਡ ਡੈਮੋਕ੍ਰੇਟਿਕ ਪਾਰਟੀ ਦੇ ਨੀਤੀ ਖੋਜ ਪ੍ਰੀਸ਼ਦ ਦੇ ਚੇਅਰਮੈਨ ਅਤੇ ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਫੁਮਿਓ ਕਿਸ਼ਿਦਾ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਟੋਕੀਓ ਵਿਚ ਵਿਵੇਕਾਨੰਦ ਸੱਭਿਆਚਾਰਕ ਕੇਂਦਰ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਵੀ ਕੀਤਾ।


Related News