ਅਮਰੀਕੀਆਂ ਦੀ ਇਕ ਚੌਥਾਈ ਆਮਦਨ ਤੱਕ ਪਹੁੰਚਣ ’ਚ ਵੀ ਭਾਰਤੀਆਂ ਨੂੰ ਲੱਗ ਜਾਣਗੇ 75 ਸਾਲ !

Sunday, Aug 04, 2024 - 04:51 AM (IST)

ਜਲੰਧਰ (ਇੰਟ.)- ਭਾਰਤ ਸਮੇਤ 100 ਤੋਂ ਵੱਧ ਦੇਸ਼ਾਂ ਦੀ ਪ੍ਰਤੀ ਵਿਅਕਤੀ ਆਮਦਨ ਵਧਣ ’ਚ ਅਗਲੇ ਕੁਝ ਦਹਾਕਿਆਂ ਤੱਕ ਕਾਫੀ ਲੰਬੀ ਉਡੀਕ ਕਰਨੀ ਪੈ ਸਕਦੀ ਹੈ ਅਤੇ ਭਾਰਤੀਆਂ ਨੂੰ ਅਮਰੀਕਾ ਦੀ ਇਕ-ਚੌਥਾਈ ਪ੍ਰਤੀ ਵਿਅਕਤੀ ਆਮਦਨ ਤੱਕ ਪਹੁੰਚਣ ’ਚ 75 ਸਾਲ ਦਾ ਸਮਾਂ ਲੱਗ ਸਕਦਾ ਹੈ। ਇਹ ਗੱਲ ਵਿਸ਼ਵ ਬੈਂਕ ਦੀ ਰਿਪੋਰਟ ਰਾਹੀਂ ਸਾਹਮਣੇ ਆਈ ਹੈ। ਵਿਸ਼ਵ ਵਿਕਾਸ ਰਿਪੋਰਟ 2024 ਅਨੁਸਾਰ ਚੀਨ ਨੂੰ ਅਮਰੀਕੀ ਪ੍ਰਤੀ ਵਿਅਕਤੀ ਆਮਦਨ ਦੀ ਇਕ ਚੌਥਾਈ ਤੱਕ ਪਹੁੰਚਣ ’ਚ 10 ਸਾਲ ਤੋਂ ਵੱਧ ਅਤੇ ਇੰਡੋਨੇਸ਼ੀਆ ਨੂੰ ਲਗਭਗ 70 ਸਾਲ ਲੱਗਣਗੇ।

ਮੱਧ ਆਮਦਨ ਵਰਗ ਦੇ ਦੇਸ਼ਾਂ ਦੀ ਆਬਾਦੀ ਕਰੀਬ 6 ਅਰਬ
ਭਾਰਤ ਸਮੇਤ 100 ਤੋਂ ਵੱਧ ਦੇਸ਼ਾਂ ਨੂੰ ਅਗਲੇ ਕੁਝ ਦਹਾਕਿਆਂ ’ਚ ਉੱਚ ਆਮਦਨ ਵਾਲਾ ਦੇਸ਼ ਬਣਨ ’ਚ ਗੰਭੀਰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 2023 ਦੇ ਅੰਤ ’ਚ ਵਿਸ਼ਵ ਬੈਂਕ ਨੇ 108 ਦੇਸ਼ਾਂ ਨੂੰ ਮੱਧ ਆਮਦਨ ਵਰਗ ਦੇ ਰੂਪ ’ਚ ਵਰਗੀਕ੍ਰਿਤ ਕੀਤਾ ਸੀ। ਇਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ ਜੀ.ਡੀ.ਪੀ. 1,136 ਅਮਰੀਕੀ ਡਾਲਰ ਤੋਂ ਲੈ ਕੇ 13,845 ਅਮਰੀਕੀ ਡਾਲਰ ਵਿਚਾਲੇ ਸੀ।

ਇਨ੍ਹਾਂ ਦੇਸ਼ਾਂ ’ਚ 6 ਅਰਬ ਲੋਕ ਰਹਿੰਦੇ ਹਨ ਜੋ ਵਿਸ਼ਵ ਪੱਧਰੀ ਆਬਾਦੀ ਦਾ 75 ਫੀਸਦੀ ਹੈ। ਦੁਨੀਆ ’ਚ ਹਰ 3 ’ਚੋਂ 2 ਲੋਕ ਬਹੁਤ ਗਰੀਬੀ ’ਚ ਜੀਵਨ ਬਤੀਤ ਕਰ ਰਹੇ ਹਨ। ਰਿਪੋਰਟ ਅਨੁਸਾਰ ਇਨ੍ਹਾਂ ਦੇਸ਼ਾਂ ਦੇ ਲਈ ਅੱਗੇ ਦੀ ਰਾਹ ’ਚ ਕਈ ਚੁਣੌਤੀਆਂ ਹਨ। ਇਨ੍ਹਾਂ ’ਚ ਤੇਜ਼ੀ ਨਾਲ ਬੁੱਢੀ ਹੋ ਰਹੀ ਆਬਾਦੀ ਅਤੇ ਵਧਦਾ ਕਰਜ਼ਾ, ਤੇਜ਼ ਭੂ-ਸਿਆਸੀ ਅਤੇ ਵਪਾਰ ਗਤੀਰੋਧ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਆਰਥਿਕ ਤਰੱਕੀ ’ਚ ਮੁਸ਼ਕਿਲਾਂ ਸ਼ਾਮਲ ਹਨ।

ਵਿਸ਼ਵ ਬੈਂਕ ਗਰੁੱਪ ਦੇ ਮੁੱਖ ਅਰਥਸ਼ਾਸਤਰੀ ਤੇ ਵਿਕਾਸ ਅਰਥਸ਼ਾਸਤਰ ਦੇ ਸੀਨੀਅਰ ਉਪ ਪ੍ਰਧਾਨ ਇੰਦਰਜੀਤ ਗਿੱਲ ਨੇ ਕਿਹਾ ਕਿ ਜੇਕਰ ਇਹ ਦੇਸ਼ ਪੁਰਾਣੀ ਰਣਨੀਤੀ ’ਤੇ ਹੀ ਟਿਕੇ ਰਹਿੰਦੇ ਹਨ ਤਾਂ ਇਨ੍ਹਾਂ ’ਚੋਂ ਵਧੇਰੇ ਵਿਕਾਸਸ਼ੀਲ ਦੇਸ਼ ਇਸ ਸਦੀ ਦੇ ਮੱਧ ਤੱਕ ਖੁਸ਼ਹਾਲ ਸਮਾਜ ਬਣਾਉਣ ਦੀ ਦੌੜ ’ਚ ਪਿੱਛੇ ਰਹਿ ਜਾਣਗੇ।

ਇਹ ਵੀ ਪੜ੍ਹੋ- ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ 'ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ

ਫਿਲਹਾਲ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ
ਫਿਲਹਾਲ ਭਾਰਤ ਦੀ ਅਰਥਵਿਵਸਥਾ 3.7 ਕਰੋੜ ਡਾਲਰ ਦੀ ਜੀ.ਡੀ.ਪੀ. ਦੇ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਭਾਰਤ ਤੋਂ ਅੱਗੇ ਹੁਣ ਚੀਨ, ਅਮਰੀਕਾ, ਜਾਪਾਨ ਅਤੇ ਜਰਮਨੀ ਦਾ ਨਾਂ ਸ਼ਾਮਲ ਹੈ। ਕ੍ਰਿਸਿਲ ਦੀ ਰਿਪੋਰਟ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿੱਤੀ ਸਾਲ 2030-31 ਤੱਕ ਭਾਰਤੀ ਅਰਥਵਿਵਸਥਾ 6.7 ਲੱਖ ਕਰੋੜ ਡਾਲਰ ਤੱਕ ਪੁੱਜ ਜਾਵੇਗੀ। ਇੰਨਾ ਹੀ ਨਹੀਂ ਸਗੋਂ ਉਸ ਸਮੇਂ ਤੱਕ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਵਧ ਕੇ 4,500 ਅਮਰੀਕੀ ਡਾਲਰ ਹੋ ਜਾਵੇਗੀ।

ਭਾਰਤ ’ਚ ਪ੍ਰਤੀ ਵਿਅਕਤੀ ਆਮਦਨ 2602 ਡਾਲਰ
ਵਿਸ਼ਵ ਪੱਧਰੀ ਚੁਣੌਤੀਆਂ ਪਿੱਛੋਂ ਭਾਰਤ ਦੀ ਅਰਥਵਿਵਸਥਾ ਖੂਬ ਉਛਾਲ ਮਾਰ ਰਹੀ ਹੈ। ਭਾਰਤ ਹੁਣ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਪਰ ਭਾਰਤ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਹਨ। ਭਾਰਤ ’ਚ ਪ੍ਰਤੀ ਵਿਅਕਤੀ ਆਮਦਨ 2,602 ਡਾਲਰ ਹੈ, ਇਸ ਦੇ ਨਾਲ ਭਾਰਤ 197 ਦੇਸ਼ਾਂ ’ਚ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ’ਚ 142ਵੇਂ ਸਥਾਨ ’ਤੇ ਹੈ।

ਉਥੇ ਹੀ ਅੰਕੜਿਆਂ ਮੁਤਾਬਕ ਸਾਲ 2014-15 ’ਚ ਸਾਲਾਨਾ ਪ੍ਰਤੀ ਵਿਅਕਤੀ ਆਮਦਨ 86,647 ਰੁਪਏ ਸੀ ਜੋ ਕਿ ਵਿੱਤੀ ਸਾਲ 2022-23 ’ਚ ਵਧ ਕੇ 1,72,000 ਰੁਪਏ ਹੋ ਗਈ ਸੀ। ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਲਕਜ਼ਮਬਰਗ ’ਚ ਸਾਲਾਨਾ ਪ੍ਰਤੀ ਵਿਅਕਤੀ ਆਮਦਨ 1,43,320 ਡਾਲਰ ਹੈ। ਇਸ ਤੋਂ ਇਲਾਵਾ ਭਾਰਤ ’ਚ ਮਹਿੰਗਾਈ ਵਧੀ ਹੈ, ਬੇਰੋਜ਼ਗਾਰੀ ਜ਼ਿਆਦਾ ਹੈ ਅਤੇ ਸਿਹਤ ਸੇਵਾਵਾਂ ਦਾ ਹਾਲ ਬੁਰਾ ਹੈ।

ਇਹ ਵੀ ਪੜ੍ਹੋ- ਸੁਲਝ ਗਈ ਹਮਾਸ ਆਗੂ ਇਸਮਾਈਲ ਹਨਿਯੇਹ ਦੇ ਕਤਲ ਦੀ ਗੁੱਥੀ, ਈਰਾਨੀ ਅਧਿਕਾਰੀ ਹੀ ਨਿਕਲੇ 'ਮਾਸਟਰਮਾਈਂਡ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News