ਹਰਿਆਣਾ ''ਚ ਨਸ਼ਾ ਤਸਕਰੀ ''ਤੇ ਪੁਲਸ ਦੀ ''ਸਰਜੀਕਲ ਸਟਰਾਈਕ''

Wednesday, Jul 15, 2020 - 04:32 PM (IST)

ਹਰਿਆਣਾ (ਵਾਰਤਾ)— ਹਰਿਆਣਾ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਮੁਤਾਬਕ ਪੁਲਸ ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਸ਼ਿਕੰਜਾ ਕੱਸਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਇਸ ਸਾਲ ਦੀ ਪਹਿਲੀ ਛਮਾਹੀ ਯਾਨੀ ਕਿ 6 ਮਹੀਨਿਆਂ ਦੇ ਅੰਦਰ 11.5 ਟਨ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। ਸੂਬੇ ਦੇ ਡੀ. ਜੀ. ਪੀ. ਮਨੋਜ ਯਾਦਵ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਨਸ਼ੀਲਾ ਪਦਾਰਥ ਐਕਟ ਤਹਿਤ ਇਸ ਸਮੇਂ ਦੌਰਾਨ ਕੁੱਲ 1343 ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ 'ਚੋਂ 1821 ਲੋਕਾਂ ਨੂੰ ਨਸ਼ਾ ਤਸਕਰੀ ਅਤੇ ਨਸ਼ਾ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ। 

ਉਨ੍ਹਾਂ ਨੇ ਕਿਹਾ ਕਿ ਇਸ ਸਾਲ ਜਨਵਰੀ ਤੋਂ ਜੂਨ ਵਿਚਾਲੇ ਕੁੱਲ 11568 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ। ਪੁਲਸ ਨੇ ਡਰੱਗ ਦੇ ਖ਼ਤਰੇ ਨਾਲ ਲੜਨ ਲਈ ਇਕ ਬਹੁਪੱਖੀ ਰਣਨੀਤੀ 'ਤੇ ਕੰਮ ਕੀਤਾ, ਜਿਸ ਦੇ ਤਹਿਤ ਸਪੈਸ਼ਲ ਟਾਸਕ ਫੋਰਸ ਸਮੇਤ ਫੀਲਡ ਯੂਨਿਟ ਨੇ ਨਸ਼ਾ ਕਾਰੋਬਾਰੀਆਂ ਵਲੋਂ ਸੂਬੇ 'ਚ ਨਸ਼ਾ ਸਪਲਾਈ ਦੇ ਲੱਗਭਗ ਹਰ ਮਨਸੂਬਿਆਂ 'ਤੇ ਪੂਰੀ ਤਰ੍ਹਾਂ ਪਾਣੀ ਫੇਰਿਆ ਹੈ।

ਨਸ਼ੀਲੇ ਪਦਾਰਥ ਰੋਕੂ ਕਾਨੂੰਨ ਤਹਿਤ ਦਰਜ ਕੁੱਲ ਮਾਮਲਿਆਂ ਵਿਚ 563 ਦੋਸ਼ੀਆਂ ਦੀ ਗ੍ਰਿ੍ਰਫ਼ਤਾਰੀ ਨਾਲ ਸਭ ਤੋਂ ਵੱਧ 401 ਮਾਮਲੇ ਸਿਰਸਾ ਵਿਚ ਦਰਜ ਕੀਤੇ ਗਏ। ਇਸ ਤਰ੍ਹਾਂ ਫਤਿਹਾਬਾਦ 'ਚ 163 ਮਾਮਲੇ, ਕੁਰੂਕਸ਼ੇਤਰ 'ਚ 81 ਅਤੇ ਹਿਸਾਰ 'ਚ 77 ਮਾਮਲੇ ਦਰਜ ਹੋਏ। ਡੀ. ਜੀ. ਪੀ. ਨੇ ਕਿਹਾ ਕਿ ਗੈਰ-ਕਾਨੂੰਨੀ ਡਰੱਗ ਦੀ ਸਾਡੇ ਸਮਾਜ 'ਚ ਕੋਈ ਥਾਂ ਨਹੀਂ ਹੈ ਅਤੇ ਇਨ੍ਹਾਂ ਤੋਂ ਲੋਕਾਂ ਖਾਸ ਕਰ ਕੇ ਨੌਜਵਾਨਾਂ ਨੂੰ ਬਚਾਉਣ ਲਈ ਨਸ਼ਾ ਮਾਫੀਆ ਵਿਰੁੱਧ ਕਾਰਵਾਈ ਜਾਰੀ ਰਹੇਗੀ। ਇਸ ਦੇ ਨਾਲ ਹੀ ਪੁਲਸ ਨਸ਼ੇ ਵਿਰੁੱਧ ਮੁਹਿੰਮ ਚਲਾ ਕੇ ਨਾਗਰਿਕਾਂ ਨੂੰ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਬਾਰੇ ਸਿੱਖਿਅਤ ਕਰ ਰਹੀ ਹੈ।


Tanu

Content Editor

Related News