ਸਤਿਹ ਤੋਂ ਹਵਾ ''ਚ ਮਾਰ ਕਰਨ ਵਾਲੀ ਕਵਿਕ ਰਿਐਕਸ਼ਨ ਮਿਜ਼ਾਈਲ ਦਾ ਸਫ਼ਲ ਪ੍ਰੀਖਣ

Thursday, Sep 08, 2022 - 02:00 PM (IST)

ਸਤਿਹ ਤੋਂ ਹਵਾ ''ਚ ਮਾਰ ਕਰਨ ਵਾਲੀ ਕਵਿਕ ਰਿਐਕਸ਼ਨ ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ (ਵਾਰਤਾ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਅਤੇ ਫ਼ੌਜ ਨੇ ਸ਼ੁੱਕਰਵਾਰ ਨੂੰ ਸਤਿਹ ਤੋਂ ਹਵਾ 'ਚ ਮਾਰ ਕਰਨ ਵਾਲੀ ਕਵਿਕ ਰਿਐਕਸ਼ਨ ਮਿਜ਼ਾਈਲ ਦੇ 6 ਪ੍ਰੀਖਣ ਸਫਲਤਾਪੂਰਵਕ ਪੂਰੇ ਕੀਤੇ। ਇਹ ਟੈਸਟ ਓਡੀਸ਼ਾ ਦੇ ਚਾਂਦੀਪੁਰ ਵਿਖੇ ਏਕੀਕ੍ਰਿਤ ਟੈਸਟ ਰੇਂਜ ਵਿਚ ਕੀਤੇ ਗਏ ਸਨ। ਇਹ ਪ੍ਰੀਖਣ ਮਿਜ਼ਾਈਲ ਦੇ ਮੁਲਾਂਕਣ ਪ੍ਰਕਿਰਿਆ ਦੇ ਅਧੀਨ ਕੀਤੇ ਗਏ ਹਨ। ਪ੍ਰੀਖਣ ਦੌਰਾਨ ਤੇਜ਼ ਗਤੀ ਨਾਲ ਉੱਡਣ ਵਾਲੇ ਟੀਚਿਆਂ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ।

ਇਸ ਦਾ ਉਦੇਸ਼ ਵੱਖ-ਵੱਖ ਦ੍ਰਿਸ਼ਾਂ 'ਚ ਮਿਜ਼ਾਈਲ ਦੀ ਮਾਰਕ ਸਮਰੱਥਾ ਦਾ ਪਤਾ ਲਗਾਉਣਾ ਸੀ। ਇਹ ਪ੍ਰੀਖਣ ਦਿਨ ਅਤੇ ਰਾਤ ਦੇ ਸਮੇਂ ਵੀ ਕੀਤੇ ਗਏ। ਸਾਰੇ ਮਿਸ਼ਨਾਂ ਦੌਰਾਨ ਮਿਜ਼ਾਈਲ ਨੇ ਟੀਚਿਆਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਸਾਰੇ ਮਾਪਦੰਡਾਂ ਨੂੰ ਪੂਰਾ ਕੀਤਾ। ਟੈਸਟ ਦੌਰਾਨ ਸਾਰੇ ਦੇਸੀ ਉਪਕਰਣਾਂ ਦੀ ਵਰਤੋਂ ਕੀਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀ.ਆਰ.ਡੀ.ਓ. ਦੇ ਚੇਅਰਮੈਨ ਨੇ ਸਫ਼ਲ ਪ੍ਰੀਖਣ ਲਈ ਵਿਗਿਆਨੀਆਂ ਦੀ ਟੀਮ ਨੂੰ ਵਧਾਈ ਦਿੱਤੀ। ਡੀ.ਆਰ.ਡੀ.ਓ. ਚੇਅਰਮੈਨ ਨੇ ਕਿਹਾ ਕਿ ਇਹ ਮਿਜ਼ਾਈਲ ਹੁਣ ਫ਼ੌਜ 'ਚ ਸ਼ਾਮਲ ਕਰਨ ਲਈ ਤਿਆਰ ਹੈ।


author

DIsha

Content Editor

Related News