ਬਦਫੈਲੀ ਦੇ ਦੋਸ਼ ਹੇਠ ਸੂਰਜ ਰੇਵੰਨਾ 18 ਤੱਕ ਜੁਡੀਸ਼ੀਅਲ ਹਿਰਾਸਤ ’ਚ
Thursday, Jul 04, 2024 - 05:27 PM (IST)
ਬੈਂਗਲੁਰੂ, (ਭਾਸ਼ਾ)- ਬੈਂਗਲੁਰੂ ਦੀ ਇਕ ਅਦਾਲਤ ਨੇ ਜਨਤਾ ਦਲ (ਸੈਕੂਲਰ) ਦੇ ਵਿਧਾਨ ਪ੍ਰੀਸ਼ਦ ਮੈਂਬਰ ਸੂਰਜ ਰੇਵੰਨਾ ਨੂੰ 2 ਮਰਦਾਂ ਨਾਲ ਬਦਫੈਲੀ ਦੇ ਦੋਸ਼ ਹੇਠ 18 ਜੁਲਾਈ ਤੱਕ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਹੈ।
1 ਜੁਲਾਈ ਨੂੰ ਬੈਂਗਲੁਰੂ ਦੇ ਐਡੀਸ਼ਨਲ ਚੀਫ ਮੈਟਰੋਪਾਲਿਟਨ ਮੈਜਿਸਟ੍ਰੇਟ ਨੇ ਸੂਰਜ ਨੂੰ 3 ਜੁਲਾਈ ਤੱਕ ਅਪਰਾਧਿਕ ਜਾਂਚ ਵਿਭਾਗ (ਸੀ. ਆਈ. ਡੀ.) ਦੀ ਹਿਰਾਸਤ ’ਚ ਭੇਜ ਦਿੱਤਾ ਸੀ।
ਸੂਰਜ ਰੇਵੰਨਾ ਦੇ ਖਿਲਾਫ 22 ਜੂਨ ਨੂੰ ਹਸਨ ਜ਼ਿਲੇ ਦੇ ਹੋਲੇਨਰਸੀਪੁਰਾ ਥਾਣੇ 'ਚ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਗੈਰ-ਕੁਦਰਤੀ ਸੈਕਸ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ 16 ਜੂਨ ਨੂੰ ਜੇ.ਡੀ.ਐੱਸ. ਐੱਮ.ਐੱਲ.ਸੀ. ਨੇ ਆਪਣੇ ਫਾਰਮ ਹਾਊਸ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। 23 ਜੂਨ ਨੂੰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸੂਰਜ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਸੂਰਜ ਰੇਵੰਨਾ ਨੇ ਉਸ ਨੂੰ ਆਪਣੇ ਫਾਰਮ ਹਾਊਸ 'ਤੇ ਬੁਲਾਇਆ ਅਤੇ ਉਸ ਨੇ ਜ਼ਬਰਦਸਤੀ ਉਸ ਨੂੰ ਛੂਹਿਆ। ਉਸ ਨੇ ਦੋਸ਼ ਲਾਇਆ ਕਿ ਸੂਰਜ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਹਾਲਾਂਕਿ ਸੂਰਜ ਰੇਵੰਨਾ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ ਇਨਕਾਰ ਕੀਤਾ ਹੈ। ਸੂਰਜ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਨੇ ਉਸ ਤੋਂ 5 ਕਰੋੜ ਰੁਪਏ ਦੀ ਵਸੂਲੀ ਲਈ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ। ਸੂਰਜ ਰੇਵੰਨਾ ਨੇ ਯੌਨ ਉਤਪੀੜਨ ਦਾ ਮਾਮਲਾ ਦਰਜ ਹੋਣ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਇਸ ਸਬੰਧ ਵਿਚ ਸ਼ਿਕਾਇਤ ਦਰਜ ਕਰਵਾਈ ਸੀ।