ਪੀੜਤਾ ਨਾਲ ਵਿਆਹ ਕਰੋਗੇ ਤਾਂ ਮਿਲੇਗੀ ਬੇਲ; ਨਹੀਂ ਤਾਂ ਨੌਕਰੀ ਵੀ ਜਾਏਗੀ : ਸੁਪਰੀਮ ਕੋਰਟ
Tuesday, Mar 02, 2021 - 11:58 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਇਕ ਲੋਕ ਸੇਵਕ ਤੋਂ ਪੁੱਛਿਆ ਕਿ ਕੀ ਉਹ ਕੁੜੀ ਨਾਲ ਵਿਆਹ ਕਰਨ ਲਈ ਤਿਆਰ ਹੈ। ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ ਦੋਸ਼ੀ ਪਹਿਲਾਂ ਤੋਂ ਵਿਆਹਿਆ ਹੈ ਤਾਂ ਬੈਂਚ ਨੇ ਉਸ ਨੂੰ ਨਿਯਮਿਤ ਜ਼ਮਾਨਤ ਲਈ ਸੰਬੰਧਤ ਕੋਰਟ ਦਾ ਰੁਖ ਕਰਨ ਲਈ ਕਿਹਾ। ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੀ ਬੈਂਚ ਮਹਾਰਾਸ਼ਟਰ ਰਾਜ ਬਿਜਲੀ ਉਤਪਾਦਨ ਕੰਪਨੀ 'ਚ ਤਾਇਨਾਤ ਇਕ ਟੈਕਨੀਸ਼ੀਅਨ ਵਲੋਂ ਦਾਖ਼ਲ ਇਕ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਦੋਸ਼ੀ ਨੇ ਮਾਮਲੇ 'ਚ ਪੇਸ਼ਗੀ ਜ਼ਮਾਨਤ ਰੱਦ ਕਰਨ ਦੇ ਬੰਬਈ ਹਾਈ ਕੋਰਟ ਦੇ ਫਰਵਰੀ ਦੇ ਆਦੇਸ਼ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਬੈਂਚ 'ਚ ਜੱਜ ਏ.ਐੱਸ. ਬੋਪੰਨਾ ਅਤੇ ਜੱਜ ਵੀ. ਰਾਮਸੁਬਰਮਣੀਅਮ ਵੀ ਸਨ। ਸੁਣਵਾਈ ਸ਼ੁਰੂ ਹੋਣ 'ਤੇ ਬੈਂਚ ਨੇ ਦੋਸ਼ੀ ਤੋਂ ਪੁੱਛਿਆ,''ਕੀ ਤੁਸੀਂ ਉਸ ਨਾਲ (ਕੁੜੀ ਨਾਲ) ਵਿਆਹ ਕਰਨਾ ਚਾਹੁੰਦੇ ਹੋ।''
ਬੈਂਚ ਨੇ ਕਿਹਾ,''ਜੇਕਰ ਤੁਸੀਂ ਵਿਆਹ ਕਰਨ ਲਈ ਇਛੁੱਕ ਹੋ ਤਾਂ ਅਸੀਂ ਇਸ 'ਤੇ ਵਿਚਾਰ ਕਰ ਸਕਦੇ ਹਾਂ ਨਹੀਂ ਤਾਂ ਤੈਨੂੰ ਜੇਲ੍ਹ ਜਾਣਾ ਹੋਵੇਗਾ।'' ਨਾਲ ਹੀ ਬੈਂਚ ਨੇ ਜੋੜਿਆ,''ਅਸੀਂ ਵਿਆਹ ਲਈ ਦਬਾਅ ਨਹੀਂ ਪਾ ਰਹੇ।'' ਬੈਂਚ ਵਲੋਂ ਸਵਾਲ ਪੁੱਛੇ ਜਾਣ 'ਤੇ ਪਟੀਸ਼ਨਕਰਤਾ ਵਲੋਂ ਪੇਸ਼ ਵਕੀਲ ਨੇ ਕਿਹਾ ਕਿ ਦੋਸ਼ੀ ਪਹਿਲਾਂ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਉਸ ਨੇ ਮਨ੍ਹਾ ਕਰ ਦਿੱਤਾ ਤਾਂ ਉਸ ਨੇ ਕਿਸੇ ਦੂਜੀ ਕੁੜੀ ਨਾਲ ਵਿਆਹ ਕਰ ਲਿਆ। ਵਕੀਲ ਨੇ ਜਦੋਂ ਕਿਹਾ ਕਿ ਦੋਸ਼ੀ ਲੋਕ ਸੇਵਕ ਹੈ, ਇਸ 'ਤੇ ਬੈਂਚ ਨੇ ਕਿਹਾ,''ਤੁਹਾਨੂੰ (ਦੋਸ਼ੀ ਨੂੰ) ਕੁੜੀ ਨਾਲ ਵਰਗਲਾਉਣ ਅਤੇ ਜਬਰ ਜ਼ਿਨਾਹ ਕਰਨ ਤੋਂ ਪਹਿਲਾਂ ਇਹ ਸਭ ਵਿਚਾਰ ਕਰਨਾ ਚਾਹੀਦਾ ਸੀ। ਤੁਹਾਨੂੰ ਪਤਾ ਹੈ ਕਿ ਤੁਸੀਂ ਇਕ ਸਰਕਾਰੀ ਸੇਵਕ ਹੋ।'' ਵਕੀਲ ਨੇ ਕਿਹਾ ਕਿ ਮਾਮਲੇ 'ਚ ਹਾਲੇ ਦੋਸ਼ ਤੈਅ ਨਹੀਂ ਹੋਇਆ ਹੈ। ਬੈਂਚ ਨੇ ਕਿਹਾ,''ਤੁਸੀਂ ਨਿਯਮਿਤ ਜ਼ਮਾਨਤ ਦੀ ਅਰਜ਼ੀ ਦੇ ਸਕਦੇ ਹੋ। ਅਸੀਂ ਗ੍ਰਿਫ਼ਤਾਰੀ 'ਤੇ ਰੋਕ ਲਗਾਵਾਂਗੇ।'' ਸੁਪਰੀਮ ਕੋਰਟ ਨੇ ਦੋਸ਼ੀ ਨੂੰ 4 ਹਫ਼ਤਿਆਂ ਲਈ ਗ੍ਰਿਫ਼ਤਾਰੀ ਤੋਂ ਰਾਹਤ ਪ੍ਰਦਾਨ ਕੀਤੀ। ਹੇਠਲੀ ਅਦਾਲਤ ਵਲੋਂ ਦਿੱਤੀ ਗਈ ਪੇਸ਼ਗੀ ਜ਼ਮਾਨਤ ਰੱਦ ਕੀਤੇ ਜਾਣ ਦੇ ਬੰਬਈ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਦੋਸ਼ੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਕਰ ਰਹੀ ਸੀ।
ਇਹ ਵੀ ਪੜ੍ਹੋ : ਅਨਿਲ ਵਿਜ ਬੋਲੇ- ਮੈਂ ਤਾਂ ਨਹੀਂ ਲਗਵਾਵਾਂਗਾ ਕੋਵਿਡ ਵੈਕਸੀਨ, ਦੱਸੀ ਇਹ ਵਜ੍ਹਾ