ਸੁਪਰੀਮ ਕੋਰਟ ''ਚ ਤਬਲੀਗੀ ਜਮਾਤ ਮਾਮਲੇ ਦੀ ਸੁਣਵਾਈ 24 ਜੁਲਾਈ ਤੱਕ ਟਲੀ

07/13/2020 3:22:58 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਰਾਜਧਾਨੀ ਦਿੱਲੀ 'ਚ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਵਿਦੇਸ਼ੀ ਜਮਾਤੀਆਂ ਨੂੰ ਕਾਲੀ ਸੂਚੀ 'ਚ ਪਾਏ ਜਾਣ 'ਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ 24 ਜੁਲਾਈ ਤੱਕ ਲਈ ਸੋਮਵਾਰ ਨੂੰ ਟਾਲ ਦਿੱਤੀ। ਜੱਜ ਏ. ਐੱਮ. ਖਾਨਵਿਲਕਰ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਦੀ ਅਪੀਲ 'ਤੇ ਸੁਣਵਾਈ ਅਗਲੇ ਹਫ਼ਤੇ ਤੱਕ ਟਾਲਣ ਦਾ ਫੈਸਲਾ ਲਿਆ। ਪਟੀਸ਼ਨਕਰਤਾਵਾਂ ਵਲੋਂ ਪੇਸ਼ ਵਕੀਲ ਨੇ ਹਾਲਾਂਕਿ ਇਸ 'ਤੇ ਕੋਈ ਇਤਰਾਜ਼ ਨਹੀਂ ਕੀਤਾ। ਉਨ੍ਹਾਂ ਨੇ ਸਿਰਫ਼ ਇੰਨਾ ਕਿਹਾ ਕਿ ਇਸ ਮਾਮਲੇ 'ਚ ਇਕ ਨਜ਼ਦੀਕੀ ਤਰੀਖ਼ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 24 ਜੁਲਾਈ ਦੀ ਤਰੀਖ਼ ਤੈਅ ਕਰ ਦਿੱਤੀ।

2 ਜੂਨ ਨੂੰ ਹੋਈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਉਹ ਵਿਦੇਸ਼ੀ ਜਮਾਤੀਆਂ ਨੂੰ ਦੇਸ਼ ਭੇਜਣ ਦੇ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰੇਗੀ, ਸਗੋਂ ਸਿਰਫ਼ ਕਾਲੀ ਸੂਚੀ 'ਚ ਪਾਏ ਜਾਣ ਦੇ ਮੁੱਦੇ 'ਤੇ ਹੀ ਸੁਣਵਾਈ ਕਰੇਗੀ। ਕੇਂਦਰ ਸਰਕਾਰ ਨੇ ਵੀ ਕੋਰਟ ਨੂੰ ਦੱਸਿਆ ਸੀ ਕਿ ਵਿਦੇਸ਼ੀ ਜਮਾਤੀਆਂ ਦੀ ਦੇਸ਼ ਵਾਪਸੀ ਉਦੋਂ ਤੱਕ ਨਹੀਂ ਹੋ ਸਕੇਗੀ, ਜਦੋਂ ਕਿ ਉਨ੍ਹਾਂ ਵਿਰੁੱਧ ਭਾਰਤ ਦੇ ਕਿਸੇ ਵੀ ਸੂਬੇ 'ਚ ਦਰਜ ਅਪਰਾਧਕ ਮੁਕੱਦਿਆਂ ਦੀ ਸੁਣਵਾਈ ਪੂਰੀ ਨਹੀਂ ਹੋ ਜਾਂਦੀ।

ਦੱਸਣਯੋਗ ਹੈ ਕਿ ਕੋਰੋਨਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰਾਜ ਸਰਕਾਰਾਂ ਅਤੇ ਪੁਲਸ ਦੇ ਆਦੇਸ਼ ਦੀ ਉਲੰਘਣ ਕਰਨ 'ਤੇ ਹਜ਼ਾਰਾਂ ਜਮਾਤੀਆਂ ਦੇ ਵਿਰੁੱਧ ਵੱਖ-ਵੱਖ ਸੂਬਿਆਂ 'ਚ ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਦੀ ਸੁਣਵਾਈ ਅਦਾਲਤਾਂ 'ਚ ਪੈਂਡਿੰਗ ਹੈ। ਕੇਂਦਰ ਸਰਕਾਰ ਨੇ ਹਜ਼ਾਰਾਂ ਜਮਾਤੀਆਂ ਨੂੰ ਬਲੈਕਲਿਸਟ ਕਰ ਕੇ ਉਨ੍ਹਾਂ ਦੇ ਵੀਜ਼ਾ ਰੱਦ ਕਰ ਦਿੱਤੇ ਸਨ, ਜਿਨ੍ਹਾਂ 'ਚੋਂ 34 ਵਿਦੇਸ਼ੀ ਜਮਾਤੀਆਂ ਨੇ ਸਰਕਾਰ ਦੇ ਇਸ ਆਦੇਸ਼ ਵਿਰੁੱਧ ਸੁਪਰੀਮ ਕੋਰਟ 'ਚ ਪਟੀਸ਼ਨਾਂ ਦਾਇਰ ਕੀਤੀਆਂ ਹਨ।


DIsha

Content Editor

Related News