ਮਹਾਰਾਜਾ ਵਾਂਗ ਵਿਵਹਾਰ ਨਾ ਕਰੋ, SC ਨੇ ਵਿਆਹੁਤਾ ਵਿਵਾਦ ਮਾਮਲੇ ’ਚ ਪਤੀ-ਪਤਨੀ ਨੂੰ ਪਾਈ ਝਾੜ
Thursday, May 15, 2025 - 10:49 PM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਵਿਆਹੁਤਾ ਵਿਵਾਦ ’ਚ ਉਲਝੇ ਇਕ ਪਤੀ-ਪਤਨੀ ਨੂੰ ਝਾੜ ਪਾਉਂਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਹ ‘ਮਹਾਰਾਜਾ’ ਵਾਂਗ ਵਿਵਹਾਰ ਨਾ ਕਰਨ, ਕਿਉਂਕਿ ਦੇਸ਼ ’ਚ 75 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਲੋਕਤੰਤਰ ਕਾਇਮ ਹੈ। ਸੁਪਰੀਮ ਕਰੋਟ ਦੀ ਇਹ ਟਿੱਪਣੀ ਜੋੜੇ ’ਚ ਸ਼ਾਮਲ ਇਕ ਧਿਰ ਨੂੰ ਨਿਸ਼ਾਨਾ ਬਣਾ ਕੇ ਕੀਤੀ, ਜੋ ਕਥਿਤ ਤੌਰ ’ਤੇ ਸ਼ਾਹੀ ਖ਼ਾਨਦਾਨ ਨਾਲ ਸਬੰਧ ਰੱਖਦੀ ਹੈ। ਅਦਾਲਤ ਨੇ ਮਾਮਲੇ ’ਚ ਹੰਕਾਰ ਦੇ ਟਕਰਾਅ ਨੂੰ ਵੀ ਦਰਸਾਇਆ।
ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐੱਨ. ਕੋਟਿਸ਼ਵਰ ਸਿੰਘ ਦੀ ਬੈਂਚ ਨੇ ਜੋੜੇ ਦੇ ਵਕੀਲਾਂ ਨੂੰ ਆਪਣੇ ਮੁਵੱਕਿਲਾਂ ਨਾਲ ਗੱਲ ਕਰਨ ਅਤੇ ਅਦਾਲਤ ਨੂੰ ਉਨ੍ਹਾਂ ਦੀ ਇਛਾ ਤੋਂ ਜਾਣੂ ਕਰਾਉਣ ਦਾ ਹੁਕਮ ਦਿੱਤਾ। ਬੈਂਚ ਨੇ ਕਿਹਾ, “ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਕਿ ਵਿਚੋਲਗੀ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ?” ਬੈਂਚ ਨੇ ਚਿਤਾਵਨੀ ਦਿੱਤੀ ਕਿ ਜੇ ਵਿਚੋਲਗੀ ਰਾਹੀਂ ਕੋਈ ਹੱਲ ਨਾਲ ਨਿਕਲਿਆ, ਤਾਂ ਉਹ ਤਿੰਨ ਦਿਨਾਂ ਦੇ ਅੰਦਰ ‘ਸਖ਼ਤ’ ਹੁਕਮ ਪਾਸ ਕਰਨ ਤੋਂ ਨਹੀਂ ਝਿਜਕੇਗੀ।
ਗਵਾਲੀਅਰ ਦੀ ਰਹਿਣ ਵਾਲੀ ਔਰਤ ਨੇ ਦਾਅਵਾ ਕੀਤਾ ਕਿ ਉਹ ਬੇਹੱਦ ਵੱਕਾਰੀ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜਿਸ ਦੇ ਪੂਰਵਜ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸਮੁੰਦਰੀ ਫੌਜ ’ਚ ਐਡਮਿਰਲ ਸਨ ਅਤੇ ਉਨ੍ਹਾਂ ਨੂੰ ਕਿਵੇ ਖੇਤਰ ਦਾ ਸ਼ਾਸਕ ਐਲਾਨਿਆ ਗਿਆ ਸੀ। ਦੂਜੇ ਪਾਸੇ, ਉਸ ਦੇ ਪਤੀ ਨੇ ਕਿਹਾ ਕਿ ਉਹ ਫੌਜੀ ਅਧਿਕਾਰੀਆਂ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਮੱਧ ਪ੍ਰਦੇਸ਼ ’ਚ ਇਕ ਵਿੱਦਿਅਕ ਸੰਸਥਾਨ ਦਾ ਸੰਚਾਲਨ ਕਰਦਾ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਬੜੌਦਾ ਦੀ ਤਤਕਾਲੀ ਮਹਾਰਾਣੀ ਲਈ ਆਰਡਰ ਕੀਤੀ ਗਈ 1951 ਮਾਡਲ ਦੀ ਪ੍ਰਾਚੀਨ ਹੱਥ ਨਾਲ ਬਣੀ ਕਲਾਸਿਕ ਰੋਲਸ ਰਾਇਸ ਕਾਰ, ਜੋ ਆਪਣੇ ਮਾਡਲ ਦੀ ਇਕੋ-ਇਕ ਕਾਰ ਹੈ ਤੇ ਜਿਸ ਦੀ ਮੌਜੂਦਾ ਕੀਮਤ 2.5 ਕਰੋਡ਼ ਰੁਪਏ ਤੋਂ ਜ਼ਿਆਦਾ ਹੈ, ਮਾਮਲੇ ’ਚ ਵਿਵਾਦ ਦੀ ਜੜ੍ਹ ਹੈ।