ਆਸਾਰਾਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਪਟੀਸ਼ਨ ਕੀਤੀ ਖਾਰਜ

07/15/2019 12:32:37 PM

ਨਵੀਂ ਦਿੱਲੀ— ਆਸਾਰਾਮ ਨੂੰ ਸੁਪਰੀਮ ਕੋਰਟ ਤੋਂ ਇਕ ਵਾਰ ਫਿਰ ਝਟਕਾ ਲੱਗਾ ਹੈ। ਕੋਰਟ ਨੇ ਆਸਾਰਾਮ ਨੂੰ ਯੌਨ ਸ਼ੋਸ਼ਣ ਮਾਮਲੇ 'ਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਆਸਾਰਾਮ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸੂਰਤ ਰੇਪ ਕੇਸ ਵਿਚ ਆਸਾਰਾਮ ਨੇ ਜ਼ਮਾਨਤ ਦੀ ਮੰਗ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ 'ਚ ਦੱਸਿਆ ਕਿ ਆਸਾ ਰਾਮ ਵਿਰੁੱਧ ਸੂਰਤ ਵਿਚ ਚਲ ਰਹੇ ਰੇਪ ਕੇਸ 'ਚ ਅਜੇ 10 ਗਵਾਹਾਂ ਦੇ ਬਿਆਨ ਦਰਜ ਹੋਣੇ ਬਾਕੀ ਹਨ। ਸੁਪਰੀਮ ਕੋਰਟ ਨੇ ਗੁਜਰਾਤ 'ਚ ਟਰਾਇਲ ਕੋਰਟ ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਨ ਨੂੰ ਕਿਹਾ ਹੈ। ਕੋਰਟ ਨੇ ਹੇਠਲੀ ਅਦਾਲਤ ਨੂੰ ਕਿਹਾ ਕਿ ਹਾਈ ਕੋਰਟ ਦੀ ਟਿੱਪਣੀ ਤੋਂ ਪ੍ਰਭਾਵਿਤ ਹੋਏ ਬਿਨਾਂ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ। ਦੱਸਣਯੋਗ ਹੈ ਕਿ ਆਸਾ ਰਾਮ ਜੋਧਪੁਰ ਸੈਂਟਰਲ ਜੇਲ 'ਚ ਬੀਤੇ 4 ਸਾਲ ਤੋਂ ਵਧ ਸਮੇਂ ਤੋਂ ਬੰਦ ਹੈ। ਆਸਾ ਰਾਮ ਨੂੰ ਨਾਬਾਲਗ ਲੜਕੀ ਨਾਲ ਰੇਪ ਦਾ ਦੋਸ਼ੀ ਠਹਿਰਾਇਆ ਗਿਆ ਸੀ। ਰਾਜਸਥਾਨ ਦੇ ਜੋਧਪੁਰ ਸਥਿਤ ਆਪਣੇ ਆਸ਼ਰਮ ਵਿਚ ਸਾਲ 2013 'ਚ 16 ਸਾਲਾ ਇਕ ਲੜਕੀ ਨਾਲ ਰੇਪ ਕਰਨ ਦੇ ਮਾਮਲੇ 'ਚ ਜੋਧਪੁਰ ਦੀ ਅਦਾਲਤ ਨੇ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ।

ਆਸਾਰਾਮ 'ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਨਾਲ ਰੇਪ ਕਰਨ ਦਾ ਦੋਸ਼ ਸੀ, ਜਿਸ ਵਿਚ ਉਹ ਦੋਸ਼ੀ ਸਾਬਤ ਹੋਇਆ। ਲੜਕੀ ਆਸਾਰਾਮ ਦੇ ਆਸ਼ਰਮ ਵਿਚ ਪੜ੍ਹਾਈ ਕਰ ਰਹੀ ਸੀ। ਪੀੜਤਾ ਨੇ ਦੋਸ਼ ਲਾਇਆ ਸੀ ਕਿ ਆਸਾਰਾਮ ਨੇ ਜੋਧਪੁਰ 'ਚ ਸਥਿਤ ਆਸ਼ਰਮ ਵਿਚ ਉਸ ਨੂੰ ਬੁਲਾਇਆ ਸੀ ਅਤੇ 15 ਅਗਸਤ 2013 ਨੂੰ ਉਸ ਨਾਲ ਰੇਪ ਕੀਤਾ ਸੀ। ਹਾਲਾਂਕਿ ਆਸਾਰਾਮ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਆਸਾਰਾਮ ਨੂੰ ਆਈ. ਪੀ. ਸੀ. ਦੀ ਧਾਰਾ-376 ਅਤੇ ਯੌਨ ਅਪਰਾਧ ਬਾਲ ਸੁਰੱਖਿਆ ਐਕਟ (ਪੋਸਕੋ) ਤਹਿਤ ਦੋਸ਼ੀ ਠਹਿਰਾਇਆ ਗਿਆ। ਆਸਾਰਾਮ ਯੌਨ ਸ਼ੋਸ਼ਣ ਦੇ ਦੋ ਮਾਮਲਿਆਂ ਵਿਚ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਇਕ ਮੁਕੱਦਮਾ ਰਾਜਸਥਾਨ ਵਿਚ ਚੱਲ ਰਿਹਾ ਹੈ, ਜਦਕਿ ਦੂਜਾ ਗੁਜਰਾਤ 'ਚ ਚੱਲ ਰਿਹਾ ਹੈ।


Tanu

Content Editor

Related News