ਪੰਜਾਬ 'ਚ ਵਧਦੇ ਜਾ ਰਹੇ 'ਨਸ਼ੇ' 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ‘ਵੱਡੀਆਂ ਮੱਛੀਆਂ’ ਨੂੰ ਫੜੋ
Saturday, May 09, 2026 - 10:12 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਵਧਦੇ ਖ਼ਤਰੇ ’ਤੇ ਸ਼ੁੱਕਰਵਾਰ ਨੂੰ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ‘ਖ਼ਤਰਨਾਕ’ ਹਨ। ਅਦਾਲਤ ਨੇ ਸੂਬੇ ਵਿਚ ਨਸ਼ੀਲੇ ਪਦਾਰਥਾਂ ਨਾਲ ਨਜਿੱਠਣ ਦੇ ਤਰੀਕੇ ਵਿਚ ਵੱਡੇ ਬਦਲਾਅ ਦੀ ਲੋੜ ਦੱਸੀ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੀ ਬੈਂਚ ਨੇ ਹਾਲ ਹੀ ਦੀ ਇਕ ਘਟਨਾ ਦਾ ਜ਼ਿਕਰ ਕੀਤਾ ਜਿਸ ਵਿਚ ਇਕ ਮਾਂ ਨੇ ਆਪਣੇ ਸਾਰੇ 5 ਪੁੱਤਰਾਂ ਨੂੰ ਨਸ਼ਿਆਂ ਕਾਰਨ ਗੁਆ ਦਿੱਤਾ ਸੀ।
ਚੀਫ਼ ਜਸਟਿਸ ਨੇ ਕਿਹਾ ਕਿ ਦੇਖੋ ਅਸੀਂ ਕੀ ਪੜ੍ਹਿਆ। ਇਕ ਮਾਂ ਰੋ ਰਹੀ ਹੈ। ਉਸ ਨੇ ਆਪਣੇ ਸਾਰੇ ਬੱਚਿਆਂ ਨੂੰ ਨਸ਼ਿਆਂ ਕਾਰਨ ਗੁਆ ਦਿੱਤਾ, ਪੁਲਸ ਨੂੰ ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ। ਬੈਂਚ ਨੇ ਕਿਹਾ ਕਿ ਨਸ਼ਿਆਂ ਦਾ ਖ਼ਤਰਾ ਉਸ ਪੱਧਰ ’ਤੇ ਪਹੁੰਚ ਗਿਆ ਹੈ ਜਿੱਥੇ ਕੇਂਦਰ ਸਰਕਾਰ ਦਾ ਦਖ਼ਲ ਜ਼ਰੂਰੀ ਹੋ ਸਕਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸ਼ਾਇਦ ਕੇਂਦਰ ਸਰਕਾਰ ਦੇ ਦਖ਼ਲ ਦੀ ਲੋੜ ਪਵੇ। ਪਰ ਜਦੋਂ ਉਹ ਦਖ਼ਲ ਦੇਵੇ, ਤਾਂ ਇਹ ਨਾ ਸਮਝਿਆ ਜਾਵੇ ਕਿ ਕੇਂਦਰ ਦਖ਼ਲਅੰਦਾਜ਼ੀ ਕਰ ਰਿਹਾ ਹੈ। ਉਨ੍ਹਾਂ ਸੂਬੇ ਅਤੇ ਕੇਂਦਰ ਦੀਆਂ ਏਜੰਸੀਆਂ ਨੂੰ ਨਸ਼ਿਆਂ ਦੇ ਖ਼ਤਰੇ ਨੂੰ ਖ਼ਤਮ ਕਰਨ ਦੇ ਇਕੋ ਟੀਚੇ ਵੱਲ ਕੰਮ ਕਰਨ ਲਈ ਕਿਹਾ। ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਵੱਡੀਆਂ ਮੱਛੀਆਂ ਜਾਂ ਪ੍ਰਭਾਵਸ਼ਾਲੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਅਜਿਹੇ ਧੰਦੇ ਦਾ ਕੇਂਦਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
