ਬੱਚੇ ਦੀ ਕਸਟੱਡੀ ਲਈ ਲੜ ਰਹੇ ਦੰਦਾਂ ਦੇ ਡਾਕਟਰ ਜੋੜੇ ਨੂੰ ਵੇਖ SC ਦੇ ਜੱਜ ਨੇ ਕਿਹਾ- ਫਿਰ ਵੀ ਨਹੀਂ ਹੱਸਦੇ

06/09/2020 1:35:01 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇਕ ਦੰਦਾਂ ਦੇ ਡਾਕਟਰ ਜੋੜੇ ਨੂੰ ਆਪਣੇ ਬੱਚੇ ਲਈ ਇਕ-ਦੂਜੇ ਨੂੰ ਦੇਖ ਕੇ ਮੁਸਕਰਾਉਣ ਦੀ ਸਲਾਹ ਦਿੱਤੀ। ਦਰਅਸਲ ਸੁਪਰੀਮ ਕੋਰਟ 'ਚ ਤਾਮਿਲਨਾਡੂ ਦੀ ਇਕ ਮਹਿਲਾ ਡਾਕਟਰ ਨੇ ਆਪਣੇ ਪਤੀ ਵਲੋਂ ਕਰਨਾਟਕ ਦੀ ਇਕ ਕੋਰਟ 'ਚ ਦਾਇਰ ਬੱਚੇ ਦੀ ਕਸਟਡੀ ਦੀ ਪਟੀਸ਼ਨ ਨੂੰ ਤਾਮਿਲਨਾਡੂ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਤਾਮਿਲਨਾਡੂ ਤੋਂ ਕਰਨਾਟਕ ਜਾ ਕੇ ਕੇਸ ਲੜਨ 'ਚ ਉਸ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਉਹ ਆਪਣੇ ਕੰਮ ਅਤੇ ਬੱਚੇ ਦੀ ਦੇਖਭਾਲ ਕਾਰਨ ਲੰਬੀ ਯਾਤਰਾ ਨਹੀਂ ਕਰ ਸਕਦੀ। ਇਸ ਲਈ ਉਸ ਦੇ ਪਤੀ ਵਲੋਂ ਦਾਇਰ ਕੇਸ ਨੂੰ ਤਾਮਿਲਨਾਡੂ 'ਚ ਟਰਾਂਸਫਰ ਕਰ ਦਿੱਤਾ ਜਾਵੇ। ਇਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਪਤੀ ਵਲੋਂ ਪਟੀਸ਼ਨ 'ਤੇ ਇਤਰਾਜ਼ ਜਤਾਉਂਦੇ ਹੋਏ ਦਲੀਲ ਦਿੱਤੀ ਗਈ ਕਿ ਉਸ ਦੀ ਪਤਨੀ ਡੈਂਟਿਸਟ ਹੈ। ਉਹ ਆਰਾਮ ਨਾਲ ਆਉਣ-ਜਾਣ ਦਾ ਖਰਚ ਵਹਿਨ ਕਰ ਸਕਦੀ ਹੈ। ਇਸ 'ਤੇ ਜਸਟਿਸ ਨੇ ਪਟੀਸ਼ਕਰਤਾ ਦੇ ਪਤੀ ਤੋਂ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ? ਪਤੀ ਨੇ ਕਿਹਾ- 'ਮੈਂ ਵੀ ਇਕ ਡੈਂਟਿਸਟ ਹਾਂ।'

ਇਸ 'ਤੇ ਜਸਟਿਸ ਨੇ ਮੁਸਕਰਾਉਂਦੇ ਹੋਏ ਕਿਹਾ- 'ਇਹ ਤੁਹਾਡੇ ਦੋਹਾਂ ਦੇ ਡੈਂਟਿਸਟ ਹੋਣ ਦੀ ਬਦਕਿਸਮਤੀ ਹੈ ਕਿ ਤੁਸੀਂ ਇਕ-ਦੂਜੇ ਨੂੰ ਦੇਖ ਕੇ ਮੁਸਕਰਾਉਂਦੇ ਨਹੀਂ ਹੋ। ਤੁਹਾਡੇ ਦੋਹਾਂ ਦਾ ਪੇਸ਼ਾ ਲੋਕਾਂ ਦੀ ਖੁਸ਼ੀ ਨਾਲ ਜੁੜਿਆ ਹੈ। ਤੁਹਾਨੂੰ ਬੱਚੇ ਲਈ ਖੁਸ਼ ਹੋਣਾ ਚਾਹੀਦਾ।''

ਇਸ ਤੋਂ ਬਾਅਦ ਜੱਜ ਨੇ ਜਨਾਨੀ ਨੂੰ ਪੁੱਛਿਆ ਕਿ ਤੁਸੀਂ ਆਰਥਿਕ ਤੌਰ 'ਤੇ ਮਜ਼ਬੂਤ ਹੋ ਤਾਂ ਫਿਰ ਕੇਸ ਨੂੰ ਟਰਾਂਸਫਰ ਕਿਉਂ ਕਰਨਾ ਚਾਹੁੰਦੇ ਹੋ? ਜਨਾਨੀ ਨੇ ਕਿਹਾ,''ਮੈਂ ਘਰ 'ਚ ਇਕੱਲੀ ਕਮਾਉਣ ਵਾਲੀ ਹਾਂ। ਮੇਰੇ ਨਾਲ ਮੇਰੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਵੀ ਰਹਿੰਦੇ ਹਨ।'' ਇਸ 'ਤੇ ਜੱਜ ਨੇ ਹੱਸਦੇ ਹੋਏ ਮਜ਼ਾਕੀਆ ਲਹਿਜੇ 'ਚ ਕਿਹਾ ਕਿ ਫਿਰ ਤਾਂ ਤੁਹਾਨੂੰ ਘਰ 'ਚ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਹੋ ਸਕਦੀ।


DIsha

Content Editor

Related News