ਸ਼ਾਹੀ ਈਦਗਾਹ ਵਿਵਾਦ ’ਚ ਮੁਸਲਿਮ ਧਿਰ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ
Wednesday, Sep 18, 2024 - 03:37 AM (IST)
ਮਥੁਰਾ/ਨਵੀਂ ਦਿੱਲੀ - ਮੁਸਲਿਮ ਧਿਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਨੇ ਮੰਗਲਵਾਰ ਸ਼ਾਹੀ ਈਦਗਾਹ ਵਿਵਾਦ ਨਾਲ ਸਬੰਧਤ ਉਸ ਕੇਸ ਨੂੰ ਰੱਦ ਕਰ ਦਿੱਤਾ, ਜਿਸ ਅਧੀਨ ਮੁਸਲਿਮ ਪੱਖ ਨੇ ਇਲਾਹਾਬਾਦ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਸੀ। ਅਦਾਲਤ ਨੇ ਹਿੰਦੂ ਪੱਖ ਦੀ ਪਟੀਸ਼ਨ ਨੂੰ ਸੁਣਵਾਈ ਦੇ ਯੋਗ ਮੰਨਿਆ। ਹੁਣ ਇਸ ਮਾਮਲੇ ਦੀ ਸੁਣਵਾਈ 4 ਨਵੰਬਰ ਨੂੰ ਹੋਵੇਗੀ।
ਮਸਜਿਦ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਐਡਵੋਕੇਟ ਆਰ.ਐੱਚ. ਏ. ਸਿਕੰਦਰ ਰਾਹੀਂ ਦਾਇਰ ਕੀਤੀ ਗਈ ਹੈ। ਹਾਈ ਕੋਰਟ ਨੇ 1 ਅਗਸਤ ਨੂੰ ਮਥੁਰਾ ’ਚ ਮੰਦਰ-ਮਸਜਿਦ ਵਿਵਾਦ ਨਾਲ ਸਬੰਧਤ 18 ਮਾਮਲਿਆਂ ਦੇ ਵਿਚਾਰਨਯੋਗ ਹੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਤੇ ਫੈਸਲਾ ਦਿੱਤਾ ਸੀ ਕਿ ਸ਼ਾਹੀ ਈਦਗਾਹ ਦੇ ‘ਧਾਰਮਿਕ ਚਰਿੱਤਰ’ ਨੂੰ ਨਿਰਧਾਰਤ ਕਰਨ ਦੀ ਲੋੜ ਹੈ।
ਹਾਈ ਕੋਰਟ ਨੇ ਮੁਸਲਿਮ ਪੱਖ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਸੀ ਕਿ ਕ੍ਰਿਸ਼ਨ ਜਨਮ ਭੂਮੀ ਮੰਦਰ ਦੇ ਨਾਲ ਲੱਗਦੀ ਸ਼ਾਹੀ ਈਦਗਾਹ ਮਸਜਿਦ ਕੰਪਲੈਕਸ ’ਤੇ ਵਿਵਾਦ ਨਾਲ ਸਬੰਧਤ ਹਿੰਦੂ ਪਟੀਸ਼ਨਰਾਂ ਵੱਲੋਂ ਦਾਇਰ ਕੀਤੇ ਗਏ ਮੁਕੱਦਮੇ ਪੂਜਾ ਵਾਲੀਆਂ ਥਾਵਾਂ (ਵਿਸ਼ੇਸ਼ ਵਿਵਸਥਾਵਾਂ) ਐਕਟ ਦੀ ਉਲੰਘਣਾ ਕਰਦੇ ਹਨ, ਇਸ ਲਈ ਉਹ ਪ੍ਰਵਾਨ ਹੋਣ ਯੋਗ ਨਹੀਂ ਹਨ।
ਵਰਨਣਯੋਗ ਹੈ ਕਿ 1991 ਦਾ ਇਹ ਕਾਨੂੰਨ ਦੇਸ਼ ਦੀ ਆਜ਼ਾਦੀ ਵਾਲੇ ਦਿਨ ਮੌਜੂਦ ਕਿਸੇ ਵੀ ਧਾਰਮਿਕ ਥਾਂ ਦੇ ਧਾਰਮਿਕ ਚਰਿੱਤਰ ਨੂੰ ਬਦਲਣ ਦੀ ਮਨਾਹੀ ਕਰਦਾ ਹੈ। ਸਿਰਫ਼ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਨੂੰ ਹੀ ਇਸ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ।