ਇਲਾਹਾਬਾਦ ਹਾਈ ਕੋਰਟ ਦੀ ਇਕ ਹੋਰ ਟਿੱਪਣੀ ’ਤੇ ਸੁਪਰੀਮ ਕੋਰਟ ਨਾਰਾਜ਼
Thursday, Apr 17, 2025 - 01:20 AM (IST)

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਜਬਰ-ਜ਼ਨਾਹ ਦੇ ਇਕ ਮਾਮਲੇ ’ਚ ਇਲਾਹਾਬਾਦ ਹਾਈ ਕੋਰਟ ਦੀ ਹਾਲ ਦੀ ਟਿੱਪਣੀ ’ਤੇ ਮੰਗਲਵਾਰ ਨੂੰ ਇਤਰਾਜ਼ ਪ੍ਰਗਟਾਇਆ, ਜਿਸ ’ਚ ਕਥਿਤ ਤੌਰ ’ਤੇ ਕਿਹਾ ਗਿਆ ਸੀ ਕਿ ਸ਼ਿਕਾਇਤਕਰਤਾ ਨੇ ‘ਖੁਦ ਹੀ ਮੁਸੀਬਤ ਨੂੰ ਸੱਦਾ ਦਿੱਤਾ।’ ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਜ਼ਮਾਨਤ ਪਟੀਸ਼ਨ ’ਤੇ ਫੈਸਲਾ ਕਰਦੇ ਸਮੇਂ ਹਾਈ ਕੋਰਟ ਨੇ ਅਜਿਹੀ ਟਿੱਪਣੀ ਕਿਉਂ ਕੀਤੀ।
ਹਾਈ ਕੋਰਟ ਨੇ ਹਾਲ ’ਚ ਹੀ ਜਬਰ-ਜ਼ਨਾਹ ਦੇ ਮਾਮਲੇ ’ਚ ਜ਼ਮਾਨਤ ਦਿੰਦਿਆਂ ਕਿਹਾ ਸੀ ਕਿ ਸ਼ਿਕਾਇਤਕਰਤਾ ਨੇ ਸ਼ਰਾਬ ਪੀ ਕੇ ਸ਼ਿਕਾਇਤਕਰਤਾ ਦੇ ਘਰ ਜਾਣ ਲਈ ਸਹਿਮਤੀ ਪ੍ਰਗਟਾ ਕੇ ‘ਖੁਦ ਹੀ ਮੁਸੀਬਤ ਨੂੰ ਸੱਦਾ ਦਿੱਤਾ।’ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ 17 ਮਾਰਚ ਦੇ ਇਕ ਹੁਕਮ ’ਤੇ ਸੂਓ ਮੋਟੋ ਨੋਟਿਸ ਲੈਂਦੇ ਹੋਏ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਹਾਈ ਕੋਰਟ ਨੇ ਹੁਕਮ ’ਚ ਕਿਹਾ ਸੀ ਕਿ ਔਰਤ ਦੀਆਂ ਛਾਤੀਆਂ ਨੂੰ ਫੜਨਾ ਅਤੇ ਉਸ ਦੇ ਪਜਾਮੇ ਜਾਂ ਸਲਵਾਰ ਦਾ ਨਾਲਾ ਖਿੱਚਣਾ ਜਬਰ-ਜ਼ਨਾਹ ਦੇ ਦੋਸ਼ ਦੇ ਦਾਇਰੇ ’ਚ ਨਹੀਂ ਆਉਂਦਾ।
ਜਸਟਿਸ ਗਵਈ ਨੇ ਕਿਹਾ, ‘‘ਜੇਕਰ ਕੋਈ ਜ਼ਮਾਨਤ ਦੇਣਾ ਚਾਹੁੰਦਾ ਹੈ ਤਾਂ ਠੀਕ ਹੈ ਪਰ ਅਜਿਹੀਆਂ ਟਿੱਪਣੀਆਂ ਕਿਉਂ ਕੀਤੀਆਂ ਗਈਆਂ ਕਿ ਉਸ ਨੇ ਮੁਸੀਬਤ ਨੂੰ ਖੁਦ ਹੀ ਸੱਦਾ ਦਿੱਤਾ ਅਤੇ ਇਸ ਤਰ੍ਹਾਂ ਦੀਆਂ ਗੱਲਾਂ। ਇਸ ਪਾਸੇ ਵੀ (ਬੈਂਚ ਨੂੰ) ਬਹੁਤ ਸੁਚੇਤ ਰਹਿਣਾ ਪਵੇਗਾ।’’ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਆਮ ਆਦਮੀ ਅਜਿਹੀਆਂ ਟਿੱਪਣੀਆਂ ਨੂੰ ਕਿਵੇਂ ਲੈਂਦਾ ਹੈ, ਇਸ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ।