Reservation ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ! SC-ST ਨੂੰ ਮਿਲੇਗਾ ਫ਼ਾਇਦਾ
Saturday, Jan 17, 2026 - 01:22 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਇਤਿਹਾਸਕ ਕਾਨੂੰਨੀ ਸਿਧਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਖਵੀਂ ਸ਼੍ਰੇਣੀ (SC, ST ਅਤੇ OBC) ਦੇ ਉਹ ਉਮੀਦਵਾਰ ਜਿਨ੍ਹਾਂ ਨੇ ਜਨਰਲ ਸ਼੍ਰੇਣੀ ਲਈ ਨਿਰਧਾਰਿਤ ਕੱਟ-ਆਫ ਅੰਕਾਂ ਤੋਂ ਵੱਧ ਅੰਕ ਹਾਸਲ ਕੀਤੇ ਹਨ, ਉਨ੍ਹਾਂ ਨੂੰ ਗੈਰ-ਰਾਖਵੀਆਂ (Unreserved) ਸੀਟਾਂ 'ਤੇ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ।
ਗੈਰ-ਰਾਖਵੀਂ ਸ਼੍ਰੇਣੀ ਕੋਈ 'ਕੋਟਾ' ਨਹੀਂ - ਅਦਾਲਤ
ਅਦਾਲਤ ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਕਿ "ਅਣ-ਰਾਖਵੀਂ" ਸ਼੍ਰੇਣੀ ਜਨਰਲ ਉਮੀਦਵਾਰਾਂ ਲਈ ਕੋਈ ਵਿਸ਼ੇਸ਼ "ਕੋਟਾ" ਨਹੀਂ ਹੈ, ਸਗੋਂ ਇਹ ਇੱਕ "ਖੁੱਲ੍ਹਾ" (Open) ਸਮੂਹ ਹੈ। ਇਹ ਸਮੂਹ ਪੂਰੀ ਤਰ੍ਹਾਂ ਯੋਗਤਾ ਦੇ ਅਧਾਰ 'ਤੇ ਸਾਰਿਆਂ ਲਈ ਉਪਲਬਧ ਹੈ। ਅਦਾਲਤ ਨੇ ਕਿਹਾ ਕਿ ਇਹ "ਯੋਗਤਾ-ਅਧਾਰਤ ਬਦਲਾਅ" ਸੰਵਿਧਾਨ ਦੀ ਧਾਰਾ 14 (ਬਰਾਬਰੀ ਦਾ ਅਧਿਕਾਰ) ਅਤੇ ਧਾਰਾ 16 (ਰੁਜ਼ਗਾਰ ਵਿੱਚ ਮੌਕੇ ਦੀ ਬਰਾਬਰੀ) ਦੀ ਇਕ ਜ਼ਰੂਰੀ ਲੋੜ ਹੈ।
ਕਦੋਂ ਮਿਲੇਗਾ 'ਓਪਨ' ਸੀਟ ਦਾ ਲਾਭ?
ਅਦਾਲਤ ਅਨੁਸਾਰ, ਜੇਕਰ ਕੋਈ ਰਾਖਵੀਂ ਸ਼੍ਰੇਣੀ ਦਾ ਉਮੀਦਵਾਰ ਉਮਰ ਜਾਂ ਫੀਸ ਵਿੱਚ ਕੋਈ ਰਿਆਇਤ ਲਏ ਬਿਨਾਂ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਤੋਂ ਬਿਹਤਰ ਪ੍ਰਦਰਸ਼ਨ ਕਰਦਾ ਹੈ, ਤਾਂ ਉਸ ਨੂੰ 'ਓਪਨ' ਸ਼੍ਰੇਣੀ ਦੇ ਉਮੀਦਵਾਰ ਵਜੋਂ ਗਿਣਿਆ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਰਾਖਵੇਂ ਕੋਟੇ ਦੀ ਉਹ ਸੀਟ ਉਸੇ ਸ਼੍ਰੇਣੀ ਦੇ ਅਗਲੇ ਸਭ ਤੋਂ ਯੋਗ ਉਮੀਦਵਾਰ ਲਈ ਉਪਲਬਧ ਰਹਿੰਦੀ ਹੈ।
ਕੇਰਲ ਹਾਈ ਕੋਰਟ ਦਾ ਫੈਸਲਾ ਰੱਦ
ਇਸ ਫੈਸਲੇ ਨਾਲ ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦੇ ਸਾਲ 2020 ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ, ਜਿਸ 'ਚ ਭਾਰਤੀ ਹਵਾਬਾਜ਼ੀ ਅਥਾਰਟੀ (AAI) ਨੂੰ ਮੈਰੀਟੋਰੀਅਸ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਬਾਹਰ ਕਰਕੇ ਇਕ ਜਨਰਲ ਸ਼੍ਰੇਣੀ ਦੇ ਉਮੀਦਵਾਰ ਨੂੰ ਨਿਯੁਕਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਕੀ ਸੀ ਪੂਰਾ ਵਿਵਾਦ?
ਇਹ ਵਿਵਾਦ 2013 'ਚ AAI ਵੱਲੋਂ ਜੂਨੀਅਰ ਅਸਿਸਟੈਂਟ (ਫਾਇਰ ਸਰਵਿਸ) ਦੀਆਂ 245 ਅਸਾਮੀਆਂ ਦੀ ਭਰਤੀ ਤੋਂ ਪੈਦਾ ਹੋਇਆ ਸੀ। ਚੋਣ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ AAI ਨੇ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਅਤੇ ਓਬੀਸੀ, ਐੱਸਸੀ ਤੇ ਐੱਸਟੀ ਪਿਛੋਕੜ ਦੇ ਯੋਗ ਉਮੀਦਵਾਰਾਂ ਨੂੰ ਸ਼ਾਮਲ ਕਰ ਕੇ 122 ਗੈਰ-ਰਾਖਵੀਆਂ ਸੀਟਾਂ 'ਤੇ ਭਰੀਆਂ ਸਨ। ਇਸ ਪ੍ਰਕਿਰਿਆ ਨੂੰ ਪ੍ਰਤੀਖਿਆ ਸੂਚੀ (Waiting List) 'ਚ ਸ਼ਾਮਲ ਇਕ ਜਨਰਲ ਉਮੀਦਵਾਰ ਸ਼ਿਆਮ ਕ੍ਰਿਸ਼ਨ ਬੀ. ਨੇ ਚੁਣੌਤੀ ਦਿੱਤੀ ਸੀ, ਜਿਸ ਦੀ ਦਲੀਲ ਸੀ ਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਿਰਫ਼ ਉਨ੍ਹਾਂ ਦੇ ਕੋਟੇ ਤੱਕ ਹੀ ਸੀਮਿਤ ਰੱਖਿਆ ਜਾਣਾ ਚਾਹੀਦਾ ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਹੁਣ ਇਸ ਦਲੀਲ ਨੂੰ ਖਾਰਜ ਕਰਦਿਆਂ ਯੋਗਤਾ (Merit) ਨੂੰ ਸਰਵਉੱਚ ਮੰਨਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
