ਜੇ ਤੁਸੀਂ ਵੀ Fit ਰਹਿਣ ਲਈ ਖਾਂਦੇ ਹੋ ਸਪਲੀਮੈਂਟ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਫ਼ਾਇਦੇ ਦੀ ਜਗ੍ਹਾ ਕਰਾ ਨਾ ਬੈਠਿਓ ''ਘਾਟਾ''

Monday, Aug 10, 2026 - 11:38 AM (IST)

ਜੇ ਤੁਸੀਂ ਵੀ Fit ਰਹਿਣ ਲਈ ਖਾਂਦੇ ਹੋ ਸਪਲੀਮੈਂਟ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਫ਼ਾਇਦੇ ਦੀ ਜਗ੍ਹਾ ਕਰਾ ਨਾ ਬੈਠਿਓ ''ਘਾਟਾ''

ਨਵੀਂ ਦਿੱਲੀ- ਅੱਜ ਦੇ ਸਮੇਂ ’ਚ ਪੋਸ਼ਣ ਦੀ ਘਾਟ ਪੂਰੀ ਕਰਨ ਲਈ ਵੱਡੀ ਗਿਣਤੀ ’ਚ ਲੋਕ ਵਿਟਾਮਿਨ ਅਤੇ ਮਿਨਰਲ ਸਪਲੀਮੈਂਟ ਦੀ ਵਰਤੋਂ ਕਰਦੇ ਹਨ ਪਰ ਹਰ ਵਿਅਕਤੀ ਲਈ ਸਪਲੀਮੈਂਟ ਜ਼ਰੂਰੀ ਹੋਵੇ, ਅਜਿਹਾ ਨਹੀਂ ਹੈ। ਮਾਹਿਰਾਂ ਦੇ ਅਨੁਸਾਰ ਸਰੀਰ ਵਿਚ ਕਿਸੇ ਪੌਸ਼ਟਿਕ ਤੱਤ ਦੀ ਘਾਟ ਹੋਣ ’ਤੇ ਹੀ ਡਾਕਟਰ ਦੀ ਸਲਾਹ ਨਾਲ ਸਪਲੀਮੈਂਟ ਲੈਣਾ ਚਾਹੀਦਾ ਹੈ। ਗ਼ਲਤ ਮਾਤਰਾ, ਗ਼ਲਤ ਸਮੇਂ ਜਾਂ ਕਈ ਸਪਲੀਮੈਂਟ ਇਕੱਠੇ ਲੈਣ ਨਾਲ ਫ਼ਾਇਦਾ ਹੋਣ ਦੀ ਬਜਾਏ ਨੁਕਸਾਨ ਵੀ ਹੋ ਸਕਦਾ ਹੈ।

ਸਰੀਰ ’ਚ ਪੌਸ਼ਕਿਕ ਤੱਤ ਪਹੁੰਚਾਉਂਦੇ ਹਨ ਸਲੋਅ-ਰਿਲੀਜ਼ ਸਪਲੀਮੈਂਟ
ਸਲੋਅ-ਰਿਲੀਜ਼ ਸਪਲੀਮੈਂਟ ਸਰੀਰ ਵਿਚ ਪੌਸ਼ਟਿਕ ਤੱਤਾਂ ਨੂੰ ਇਕੱਠਿਆਂ ਲੈਣ ਨਾਲ ਵੱਡੀ ਮਾਤਰਾ ਵਿਚ ਪਹੁੰਚਾਉਣ ਦੀ ਬਜਾਏ ਹੌਲੀ-ਹੌਲੀ ਛੱਡਦੇ ਹਨ। ਇਸ ਨਾਲ ਕੁਝ ਲੋਕਾਂ ਵਿਚ ਆਇਰਨ ਵਰਗੇ ਸਪਲੀਮੈਂਟ ਨਾਲ ਹੋਣ ਵਾਲੀ ਪੇਟ ਸਬੰਧੀ ਪ੍ਰੇਸ਼ਾਨੀ ਘੱਟ ਹੋ ਸਕਦੀ ਹੈ ਅਤੇ ਸਰੀਰ ਵਿਚ ਪੌਸ਼ਟਿਕ ਤੱਤਾਂ ਦਾ ਪੱਧਰ ਮੁਕਾਬਲਤਨ ਸਥਿਰ ਬਣਿਆ ਰਹਿ ਸਕਦਾ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਸਲੋਅ-ਰਿਲੀਜ਼ ਫ਼ਾਰਮੂਲਾ ਹਰ ਪੌਸ਼ਟਿਕ ਤੱਤ ਲਈ ਜ਼ਰੂਰੀ ਜਾਂ ਹਮੇਸ਼ਾ ਬਿਹਤਰ ਨਹੀਂ ਹੁੰਦਾ। ਸਪਲੀਮੈਂਟ ਦੀ ਚੋਣ ਵਿਅਕਤੀ ਦੀ ਲੋੜ, ਲਏ ਜਾ ਰਹੇ ਪੌਸ਼ਟਿਕ ਤੱਤ ਅਤੇ ਸਿਹਤ ਦੀ ਸਥਿਤੀ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਡਾਕਟਰ ਵੱਲੋਂ ਸੁਝਾਇਆ ਗਿਆ ਫ਼ਾਰਮੂਲਾ ਅਤੇ ਮਾਤਰਾ ਹੀ ਲੈਣਾ ਬਿਹਤਰ ਹੈ।

PunjabKesari

ਵਿਟਾਮਿਨ-ਡੀ ਭੋਜਨ ਨਾਲ ਲੈਣਾ ਬਿਹਤਰ
ਸਪਲੀਮੈਂਟ ਦਾ ਸਹੀ ਸਮਾਂ ਉਸ ਦੇ ਸਰੀਰ ਵਿਚ ਸੋਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਦਾਹਰਣ ਲਈ, ਵਿਟਾਮਿਨ-ਡੀ ਨੂੰ ਅਜਿਹੇ ਭੋਜਨ ਨਾਲ ਲੈਣ ’ਤੇ ਇਹ ਬਿਹਤਰ ਢੰਗ ਨਾਲ ਸੋਖਿਆ ਜਾ ਸਕਦਾ ਹੈ, ਜਿਸ ਵਿਚ ਕੁਝ ਸਿਹਤਮੰਦ ਫੈਟ ਮੌਜੂਦ ਹੋਵੇ। ਆਇਰਨ ਆਮ ਤੌਰ ’ਤੇ ਖ਼ਾਲੀ ਪੇਟ ਬਿਹਤਰ ਸੋਖਿਆ ਜਾਂਦਾ ਹੈ ਪਰ ਜੇਕਰ ਇਸ ਨਾਲ ਪੇਟ ਖ਼ਰਾਬ ਹੁੰਦਾ ਹੋਵੇ ਤਾਂ ਇਸ ਨੂੰ ਭੋਜਨ ਨਾਲ ਲਿਆ ਜਾ ਸਕਦਾ ਹੈ। ਵਿਟਾਮਿਨ-ਸੀ ਦੇ ਸਰੋਤ ਨਾਲ ਆਇਰਨ ਲੈਣ ਨਾਲ ਵੀ ਇਸ ਦੇ ਸੋਖਣ ਵਿਚ ਮਦਦ ਮਿਲ ਸਕਦੀ ਹੈ।

ਕੈਲਸ਼ੀਅਮ ਇਕ ਵਾਰ ’ਚ ਜ਼ਿਆਦਾ ਲੈਣ ਤੋਂ ਬਚੋ
ਕੈਲਸ਼ੀਅਮ ਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਇਕ ਵਾਰ ਲੈਣ ਦੀ ਬਜਾਏ ਲੋੜ ਅਨੁਸਾਰ ਘੱਟ ਮਾਤਰਾ ਵਿਚ ਲੈਣਾ ਬਿਹਤਰ ਮੰਨਿਆ ਜਾਂਦਾ ਹੈ। ਸਿਹਤਮੰਦ ਵਿਅਕਤੀ ਜੋ ਸੰਤੁਲਿਤ ਭੋਜਨ ਖਾਂਦਾ ਹੈ, ਉਸ ਨੂੰ ਹਰ ਸਥਿਤੀ ਵਿਚ ਨਿਯਮਤ ਸਪਲੀਮੈਂਟ ਦੀ ਲੋੜ ਨਹੀਂ ਹੁੰਦੀ। ਮਾਹਿਰਾਂ ਅਨੁਸਾਰ ਸਿਰਫ਼ ਸਪਲੀਮੈਂਟ ਲੈਣਾ ਸਿਹਤ ਸੁਧਾਰਨ ਦਾ ਬਦਲ ਨਹੀਂ ਹੈ। ਸੰਤੁਲਿਤ ਆਹਾਰ ਨੂੰ ਪਹਿਲ ਦੇਣਾ ਜ਼ਰੂਰੀ ਹੈ।

PunjabKesari

ਇਹ ਵੀ ਪੜ੍ਹੋ- ਆਪਣੇ ਫ਼ਾਇਦੇ ਲਈ ਹਜ਼ਾਰਾਂ ਕਿਲੋਮੀਟਰ ਦੂਰ ਜੰਗ ਨੂੰ 'ਹਵਾ' ਦੇ ਰਿਹੈ ਪਾਕਿਸਤਾਨ ! BPC ਨੇ ਕੀਤਾ ਵੱਡਾ ਦਾਅਵਾ

ਆਇਰਨ ਅਤੇ ਕੈਲਸ਼ੀਅਮ ਨਾਲ ਚਾਹ-ਕੌਫ਼ੀ ਤੋਂ ਬਚੋ
ਸਪਲੀਮੈਂਟ ਲੈਂਦੇ ਸਮੇਂ ਕੁਝ ਆਮ ਗ਼ਲਤੀਆਂ ਉਨ੍ਹਾਂ ਦੇ ਸੋਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਆਇਰਨ ਨੂੰ ਚਾਹ ਜਾਂ ਕੌਫ਼ੀ ਨਾਲ ਲੈਣ ਤੋਂ ਬਚਣਾ ਚਾਹੀਦਾ ਹੈ। ਇਸੇ ਤਰ੍ਹਾਂ ਕੈਲਸ਼ੀਅਮ ਅਤੇ ਆਇਰਨ ਨੂੰ ਇੱਕੋ ਸਮੇਂ ਲੈਣਾ ਵੀ ਠੀਕ ਨਹੀਂ ਮੰਨਿਆ ਜਾਂਦਾ। ਦੋਵਾਂ ਸਪਲੀਮੈਂਟਾਂ ਵਿਚਾਲੇ ਸਹੀ ਅੰਤਰ ਰੱਖਣਾ ਜ਼ਰੂਰੀ ਹੋ ਸਕਦਾ ਹੈ।

ਵਿਟਾਮਿਨ-ਡੀ ਅਤੇ ਦੂਜੇ ਸਪਲੀਮੈਂਟ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਨਹੀਂ
ਡਾਕਟਰ ਦੀ ਸਲਾਹ ਤੋਂ ਬਿਨਾਂ ਵਿਟਾਮਿਨ-ਡੀ ਜਾਂ ਕਿਸੇ ਹੋਰ ਸਪਲੀਮੈਂਟ ਦੀ ਨਿਰਧਾਰਤ ਮਾਤਰਾ ਤੋਂ ਵੱਧ ਲੈਣਾ ਨੁਕਸਾਨਦੇਹ ਹੋ ਸਕਦਾ ਹੈ। ਕਈ ਵੱਖ-ਵੱਖ ਸਪਲੀਮੈਂਟ ਇੱਕੋ ਸਮੇਂ ਲੈਣ ਨਾਲ ਇਕ ਹੀ ਪੌਸ਼ਟਿਕ ਤੱਤ ਵੱਖ-ਵੱਖ ਉਤਪਾਦਾਂ ਰਾਹੀਂ ਸਰੀਰ ਵਿਚ ਲੋੜ ਤੋਂ ਜ਼ਿਆਦਾ ਪਹੁੰਚ ਸਕਦਾ ਹੈ। ਇਸ ਲਈ ਵੱਖ-ਵੱਖ ਗੋਲੀਆਂ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਤੱਤਾਂ ਦੀ ਜਾਂਚ ਕਰਨਾ ਜ਼ਰੂਰੀ ਹੈ।

ਸਪਲੀਮੈਂਟ ਨੂੰ ਭੋਜਨ ਦਾ ਬਦਲ ਨਾ ਬਣਾਓ
ਮਾਹਿਰਾਂ ਦੇ ਮੁਤਾਬਕ ਸਪਲੀਮੈਂਟ ਦਾ ਉਦੇਸ਼ ਸੰਤੁਲਿਤ ਭੋਜਨ ਦੀ ਥਾਂ ਲੈਣਾ ਨਹੀਂ ਹੈ। ਜੇ ਵਿਅਕਤੀ ਨੂੰ ਪੂਰਾ ਪੋਸ਼ਣ ਸੰਤੁਲਿਤ ਆਹਾਰ ਤੋਂ ਮਿਲ ਰਿਹਾ ਹੈ ਤਾਂ ਬਿਨਾਂ ਲੋੜ ਸਪਲੀਮੈਂਟ ਲੈਣਾ ਜ਼ਰੂਰੀ ਨਹੀਂ ਮੰਨਿਆ ਜਾਂਦਾ। ਪੌਸ਼ਟਿਕ ਤੱਤਾਂ ਦੀ ਘਾਟ ਹੋਣ ’ਤੇ ਸਪਲੀਮੈਂਟ ਲਾਹੇਵੰਦ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਭੋਜਨ ਦਾ ਬਦਲ ਬਣਾਉਣਾ ਸਹੀ ਤਰੀਕਾ ਨਹੀਂ ਹੈ।

PunjabKesari

ਇਹ ਵੀ ਪੜ੍ਹੋ- ਫੜਿਆ ਗਿਆ ਹਿਮਾਂਸ਼ੀ ਖੁਰਾਨਾ ਦਾ ਕਾਤਲ ! ਕੈਨੇਡਾ ਪੁਲਸ ਨੂੰ 8 ਮਹੀਨੇ ਬਾਅਦ ਮਿਲੀ ਕਾਮਯਾਬੀ

ਇਸ ਲਈ ਲੰਬੇ ਸਮੇਂ ਤੱਕ ਪੈ ਸਕਦੀ ਹੈ ਲੋੜ
ਹਰ ਵਿਅਕਤੀ ਨੂੰ ਉਮਰ ਭਰ ਸਪਲੀਮੈਂਟ ਲੈਣ ਦੀ ਲੋੜ ਨਹੀਂ ਹੁੰਦੀ। ਕਈ ਮਾਮਲਿਆਂ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਦੂਰ ਹੋਣ ਤੋਂ ਬਾਅਦ ਸਪਲੀਮੈਂਟ ਬੰਦ ਕੀਤੇ ਜਾ ਸਕਦੇ ਹਨ। ਹਾਲਾਂਕਿ ਅੰਤੜੀਆਂ ਦੀ ਸੋਜ਼ਸ਼ ਸਬੰਧੀ ਬੀਮਾਰੀਆਂ ਜਾਂ ਕੁਝ ਅਜਿਹੀਆਂ ਸਥਿਤੀਆਂ ਵਿਚ ਜਿਨ੍ਹਾਂ ਵਿਚ ਪੌਸ਼ਟਿਕ ਤੱਤਾਂ ਦਾ ਅਬਜ਼ੋਰਬ ਹੋਣਾ ਪ੍ਰਭਾਵਿਤ ਹੁੰਦਾ ਹੈ, ਲੰਬੇ ਸਮੇਂ ਤੱਕ ਸਪਲੀਮੈਂਟਾਂ ਦੀ ਲੋੜ ਪੈ ਸਕਦੀ ਹੈ। ਅਜਿਹੇ ਮਾਮਲਿਆਂ ਵਿਚ ਡਾਕਟਰ ਦੀ ਦੇਖ-ਰੇਖ ਅਤੇ ਸਮੇਂ-ਸਮੇਂ ’ਤੇ ਖ਼ੂਨ ਦੀ ਜਾਂਚ ਜ਼ਰੂਰੀ ਹੋ ਸਕਦੀ ਹੈ।

‘ਜ਼ਿਆਦਾ’ ਦਾ ਮਤਲਬ ‘ਜ਼ਿਆਦਾ ਫ਼ਾਇਦਾ’ ਨਹੀਂ
ਸਪਲੀਮੈਂਟ ਦੇ ਮਾਮਲੇ ਵਿਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜ਼ਿਆਦਾ ਮਾਤਰਾ ਹਮੇਸ਼ਾ ਜ਼ਿਆਦਾ ਲਾਭ ਨਹੀਂ ਦਿੰਦੀ। ਲੋੜ ਤੋਂ ਜ਼ਿਆਦਾ ਵਿਟਾਮਿਨ ਅਤੇ ਮਿਨਰਲ ਲੈਣਾ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਸਪਲੀਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਅਸਲ ਵਿਚ ਸਰੀਰ ਨੂੰ ਕਿਸ ਪੌਸ਼ਟਿਕ ਤੱਤ ਦੀ ਲੋੜ ਹੈ। ਭਾਵ ਸਿਹਤਮੰਦ ਰਹਿਣ ਦਾ ਮੂਲ ਮੰਤਰ ਇਹੋ ਹੈ- ਪਹਿਲਾਂ ਸੰਤੁਲਿਤ ਆਹਾਰ, ਫਿਰ ਲੋੜ ਦੇ ਮੁਤਾਬਕ ਸਪਲੀਮੈਂਟ ਅਤੇ ਉਹ ਵੀ ਡਾਕਟਰ ਦੀ ਸਲਾਹ ਨਾਲ।

PunjabKesari

ਇਹ ਵੀ ਪੜ੍ਹੋ- ਕੈਨੇਡਾ ਨੇ 3,300 ਤੋਂ ਵੱਧ ਭਾਰਤੀਆਂ ਨੂੰ ਕੀਤਾ ਡਿਪੋਰਟ ! ਅਮਰੀਕਾ ਵੀ ਰਹਿ ਗਿਆ ਪਿੱਛੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News