ਅੰਧਵਿਸ਼ਵਾਸ ਨੇ ਲਈ ਪਰਿਵਾਰ ਦੇ 3 ਮੈਂਬਰਾਂ ਦੀ ਜਾਨ, 5 ਮਹੀਨਿਆਂ ਤੋਂ ਘਰ ’ਚ ਪਿਆ ਸੀ ਪੁੱਤਰ ਦਾ ਪਿੰਜਰ

07/30/2021 3:59:52 PM

ਸ਼ਿਮਲਾ– ਹਿਮਾਚਲ ਪ੍ਰਦੇਸ਼ 'ਚ ਚੰਬਾ ਜ਼ਿਲ੍ਹੇ 'ਚ ਜਨਜਾਤੀ ਖੇਤਰ ਪਾਂਗੀ ਇਲਾਕੇ 'ਚ ਅੰਧਵਿਸ਼ਵਾਸ ਕਾਰਨ ਇਕ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ। ਇਹ ਮਾਮਲਾ ਦੀ ਰੇਈ ਪੰਚਾਇਤ ਦਾ ਹੈ। ਜਨਾਨੀ ਨੇ ਫਾਹਾ ਲਗਾਇਆ ਅਤੇ ਘਰ 'ਚ 18 ਸਾਲ ਦੇ ਪੁੱਤਰ ਦਾ ਕੰਕਾਲ ਬਰਾਮਦ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਕਈ ਦਿਨ ਪਹਿਲਾਂ ਹੋ ਚੁਕੀ ਸੀ। ਜਿਸ ਕਾਰਨ ਨੌਜਵਾਨ ਦਾ ਸਰੀਰ ਕੰਕਾਲ 'ਚ ਬਦਲ ਗਿਆ ਸੀ। ਜਦੋਂ ਕਿ ਧੀ ਦੀ ਮੌਤ ਤਿੰਨ ਦਿਨ ਪਹਿਲਾਂ ਚੰਬਾ ਮੈਡੀਕਲ ਕਾਲਜ 'ਚ ਹੋਈ ਸੀ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ : ਬੋਲਣ ਅਤੇ ਸੁਣਨ 'ਚ ਅਸਮਰੱਥ ਕੁੜੀ ਆਪਣੇ ਵਰਗੇ ਬੱਚਿਆਂ ਨੂੰ ਦੇ ਰਹੀ ਹੈ ਸਿੱਖਿਆ

ਮੁੰਡੇ ਦੀ ਮੌਤ ਫਿਲਹਾਲ ਰਹੱਸ 
ਪੁਲਸ ਨੂੰ ਸ਼ੱਕ ਹੈ ਕਿ ਜਨਾਨੀ ਆਪਣੇ ਪੁੱਤਰ ਨੂੰ ਜਿਊਂਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇਗੀ ਪਰ ਕਾਮਯਾਬ ਨਾ ਹੋਣ 'ਤੇ ਖ਼ੁਦਕੁਸ਼ੀ ਕਰ ਲਈ। ਮੁੰਡੇ ਦੀ ਮੌਤ ਫਿਲਹਾਲ ਰਹੱਸ ਬਣੀ ਹੋਈ ਹੈ। ਸ਼ੁਰੂਆਤੀ ਪੁੱਛ-ਗਿੱਛ 'ਚ ਪਤਾ ਲੱਗਾ ਹੈ ਕਿ ਪਰਿਵਾਰ ਪਿੰਡ ਦੇ ਲੋਕਾਂ ਨੂੰ ਨਹੀਂ ਬੁਲਾਉਂਦਾ ਸੀ। ਕੋਈ ਵੀ ਇਨ੍ਹਾਂ ਦੇ ਘਰ ਆਉਂਦਾ-ਜਾਂਦਾ ਨਹੀਂ ਸੀ ਅਤੇ ਅੰਧਵਿਸ਼ਵਾਸ ਕਾਰਨ ਮ੍ਰਿਤਕਾ ਘਰ 'ਚ ਹੀ ਪਰਿਵਾਰ ਦਾ ਇਲਾਜ ਆਦਿ ਕਰਦੀ ਸੀ। ਜਨਾਨੀ ਨੇ ਉਸ ਸਮੇਂ ਫਾਹਾ ਲਗਾਇਆ, ਜਦੋਂ ਘਰ 'ਚ ਕੋਈ ਵੀ ਮੌਜੂਦ ਨਹੀਂ ਸੀ। ਜਨਾਨੀ ਦਾ ਪਤੀ ਵੇਦ ਵਿਆਸ ਐਤਵਾਰ ਨੂੰ ਪਾਂਗੀ ਤੋਂ ਆਪਣੀਆਂ ਦੋਵੇਂ ਧੀਆਂ ਨੂੰ ਇਲਾਜ ਲਈ ਚੰਬਾ ਲੈ ਕੇ ਗਿਆ ਸੀ। 2 ਦਿਨ ਪਹਿਲਾਂ ਇਕ ਧੀ ਦੀ ਮੈਡੀਕਲ ਕਾਲਜ 'ਚ ਮੌਤ ਹੋ ਗਈ। ਜਿਸ ਦਾ ਅੰਤਿਮ ਸੰਸਕਾਰ ਜ਼ਿਲ੍ਹੇ 'ਚ ਕਰਵਾਇਆ। ਦੂਜੀ ਧੀ ਹਾਲੇ ਤੱਕ ਮੈਡੀਕਲ ਕਾਲਜ 'ਚ ਇਲਾਜ ਅਧੀਨ ਹੈ। ਵੀਰਵਾਰ ਨੂੰ ਜਦੋਂ ਉਹ ਵਾਪਸ ਆਪਣੇ ਘਰ ਆਇਆ ਤਾਂ ਉਸ ਦੀ ਪਤਨੀ ਫਾਹੇ ਨਾਲ ਲਟਕੀ ਹੋਈ ਸੀ। ਇਸ ਦੀ ਸੂਚਨਾ ਵੇਦ ਵਿਆਸ ਨੇ ਆਪਣੇ ਗੁਆਂਢੀਆਂ ਨੂੰ ਦਿੱਤੀ।  ਸੂਚਨਾ ਮਿਲਣ 'ਤੇ ਜਦੋਂ ਪੁਲਸ ਟੀਮ ਜਾਂਚ ਲਈ ਘਰ ਪਹੁੰਚੀ ਤਾਂ ਜਨਾਨੀ ਫਾਹੇ ਨਾਲ ਲਟਕੀ ਹੋਈ ਸੀ। ਜਦੋਂ ਪੁਲਸ ਨੇ ਘਰ ਦੀ ਤਲਾਸ਼ੀ ਲਈ ਤਾਂ ਦੂਜੇ ਕਮਰੇ 'ਚ ਪੁਲਸ ਨੂੰ ਜਨਾਨੀ ਦੇ ਪੁੱਤਰ ਦਾ ਕੰਕਾਲ ਬਰਾਮਦ ਹੋਇਆ। ਪੁਲਸ ਨੇ ਦੋਵੇਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। 

ਇਹ ਵੀ ਪੜ੍ਹੋ : ਕੁੱਲੂ ਹੜ੍ਹ: ਜਾਨ ਬਚਾਉਣ ਲਈ ਮਾਸੂਮ ਪੁੱਤ ਨੂੰ ਚੁੱਕ ਦੌੜੀ ਮਾਂ, ਦਾਦੇ ਸਾਹਮਣੇ ਪਾਣੀ 'ਚ ਰੁੜ੍ਹੇ ਪੋਤਾ-ਨੂੰਹ

ਅੰਧਵਿਸ਼ਵਾਸ ਨਾਲ ਜੋੜਿਆ ਜਾ ਰਿਹਾ ਮਾਮਲਾ
ਉਕਤ ਜਨਾਨੀ ਆਪਣੇ ਪੂਰੇ ਪਰਿਵਾਰ ਤੋਂ ਆਪਣੇ ਘਰ ’ਚ ਭਗਤੀ ਕਰਵਾਉਂਦੀ ਸੀ। ਪਰਿਵਾਰ ਦੇ ਲੋਕ ਪਿਛਲੇ 4 ਸਾਲਾਂ ਤੋਂ 24 ਘੰਟਿਆਂ ’ਚ ਸਿਰਫ਼ ਇਕ ਵਾਰ ਹੀ ਖਾਣਾ ਖਾ ਰਹੇ ਸਨ, ਜਿਸ ਨਾਲ ਪੂਰਾ ਪਰਿਵਾਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਗਿਆ। ਪਿੰਡ ਵਾਲਿਆਂ ਨੇ ਦੱਸਿਆ ਕਿ ਬੇਟੇ ਪ੍ਰੇਮ ਜੀਤ ਦੀ ਮੌਤ ਕਾਫ਼ੀ ਪਹਿਲਾਂ ਹੋ ਗਈ ਸੀ ਪਰ ਅੰਧਵਿਸ਼ਵਾਸ ਦੇ ਕਾਰਨ ਮਾਂ ਨੇ ਲਾਸ਼ ਘਰ ’ਚ ਹੀ ਰੱਖੀ ਹੋਈ ਸੀ। ਕਈ ਵਾਰ ਜਨਾਨੀ ਦੇ ਪੇਕਿਆਂ ਵਾਲੇ ਉਸ ਦਾ ਹਾਲਚਾਲ ਪੁੱਛਣ ਆਉਂਦੇ ਸਨ ਤਾਂ ਉਹ ਘਰ ਦੇ ਅੰਦਰ ਨਹੀਂ ਜਾਣ ਦਿੰਦੀ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News