ਹੁਣ ਮਦਰੱਸਿਆਂ ''ਚ ਵੀ ਹੋਇਆ ਕਰੇਗੀ ਐਤਵਾਰ ਦੀ ਛੁੱਟੀ ! ਉੱਤਰਾਖੰਡ ਪ੍ਰਸ਼ਾਸਨ ਨੇ ਕੀਤਾ ਐਲਾਨ
Thursday, Oct 22, 2026 - 10:32 AM (IST)
ਨੈਸ਼ਨਲ ਡੈਸਕ- ਉੱਤਰਾਖੰਡ ਦੇ ਮਾਨਤਾ ਪ੍ਰਾਪਤ ਮਦਰੱਸਿਆਂ ਵਿਚ ਹੁਣ ਸ਼ੁੱਕਰਵਾਰ ਦੀ ਥਾਂ ਹੋਰ ਸਕੂਲਾਂ ਵਾਂਗ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਰਹੇਗੀ। ਅਧਿਕਾਰੀਆਂ ਅਨੁਸਾਰ, ਮਦਰੱਸਾ ਬੋਰਡ ਦੀ ਥਾਂ ਲੈਣ ਵਾਲੇ ਸੂਬਾ ਘੱਟਗਿਣਤੀ ਸਿੱਖਿਆ ਅਥਾਰਟੀ ਨੇ ਇਸ ਸਬੰਧੀ ਸਿੱਖਿਆ ਵਿਭਾਗ ਨੂੰ ਜ਼ਰੂਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਇਹ ਵਿਵਸਥਾ ਸਿੱਖਿਆ ਵਿਭਾਗ ਤੋਂ ਮਾਨਤਾ ਪ੍ਰਾਪਤ ਕਰ ਚੁੱਕੇ ਅਤੇ ਮਾਨਤਾ ਲਈ ਅਰਜ਼ੀ ਦੇਣ ਵਾਲੇ ਮਦਰੱਸਿਆਂ ਵਿਚ ਲਾਗੂ ਹੋਵੇਗੀ। ਸੂਬੇ ਦੇ ਘੱਟਗਿਣਤੀ ਕਲਿਆਣ ਮੰਤਰੀ ਖਜਾਨ ਦਾਸ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ 76 ਮਦਰੱਸਿਆਂ ਨੂੰ ਸਿੱਖਿਆ ਵਿਭਾਗ ਤੋਂ ਮਾਨਤਾ ਮਿਲ ਚੁੱਕੀ ਹੈ, ਜਦੋਂ ਕਿ ਅਰਜ਼ੀ ਦੇਣ ਵਾਲੇ 114 ਹੋਰ ਮਦਰੱਸਿਆਂ ਨੂੰ ਇਸ ਮਹੀਨੇ ਦੇ ਅਖੀਰ ਤੱਕ ਮਾਨਤਾ ਮਿਲ ਜਾਵੇਗੀ। ਇਸ ਦੌਰਾਨ, ਹਫ਼ਤਾਵਾਰੀ ਛੁੱਟੀ ਸ਼ੁੱਕਰਵਾਰ ਤੋਂ ਬਦਲ ਕੇ ਐਤਵਾਰ ਕੀਤੇ ਜਾਣ ਨੂੰ ਲੈ ਕੇ ਸੂਬੇ ਵਿਚ ਸਿਆਸੀ ਦੋਸ਼-ਪ੍ਰਤੀਦੋਸ਼ ਸ਼ੁਰੂ ਹੋ ਗਏ ਹਨ।
