ਜੰਮੂ ਕਸ਼ਮੀਰ ਦੇ ਸਾਬਕਾ CM ਮੁਫ਼ਤੀ ਮੁਹੰਮਦ ਸਈਅਦ ਦੀ ਧੀ ਰੂਬੀਆ ਨੂੰ ਸੰਮਨ ਜਾਰੀ, ਜਾਣੋ ਕੀ ਹੈ ਮਾਮਲਾ
Saturday, May 28, 2022 - 12:16 PM (IST)
ਜੰਮੂ- ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦੀ ਬੇਟੀ ਅਤੇ ਮਹਿਬੂਬਾ ਮੁਫ਼ਤੀ ਦੀ ਭੈਣ ਰੂਬੀਆ ਸਈਅਦ ਨੂੰ ਟਾਡਾ ਕੋਰਟ ਜੰਮੂ ਨੇ ਗਵਾਹ ਵਜੋਂ ਸੰਮਨ ਜਾਰੀ ਕੀਤਾ ਹੈ। ਮਾਮਲਾ 30 ਸਾਲ ਪਹਿਲੇ ਰੂਬੀਆ ਸਈਅਦ ਦੇ ਅਗਵਾ ਹੋਣ ਦਾ ਹੈ। ਇਸ ਮਾਮਲੇ 'ਚ ਅੱਤਵਾਦੀ ਅਤੇ ਵੱਖਵਾਦੀ ਨੇਤਾ ਯਾਸੀਨ ਮਲਿਕ ਸਮੇਤ ਹੋਰ ਦੋਸ਼ੀ ਹਨ। ਟਾਡਾ ਕੋਰਟ ਜੰਮੂ 'ਚ ਇਸ ਮਾਮਲੇ 'ਚ ਅਗਲੀ ਸੁਣਵਾਈ ਜੁਲਾਈ 'ਚ ਹੋਣੀ ਹੈ। ਯਾਸੀਨ ਮਲਿਕ ਨੂੰ 25 ਮਈ ਨੂੰ ਐੱਨ.ਆਈ.ਏ. ਕੋਰਟ ਨੇ ਟੈਰਰ ਫੰਡਿੰਗ ਮਾਮਲੇ 'ਚ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਯਾਸੀਨ ਮਲਿਕ 'ਤੇ ਰੂਬੀਆ ਸਈਅਦ ਨੂੰ ਅਗਵਾ ਕਰਨ ਸਮੇਤ ਚਾਰ ਹਵਾਈ ਫ਼ੌਜ ਦੇ ਅਧਿਕਾਰੀਆਂ ਦੇ ਕਤਲ ਦਾ ਵੀ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ : ਅੱਤਵਾਦੀ ਫੰਡਿੰਗ ਕੇਸ ’ਚ ਯਾਸੀਨ ਮਲਿਕ ਨੂੰ ਹੋਈ ਉਮਰ ਕੈਦ ਦੀ ਸਜ਼ਾ
ਇਹ ਹੈ ਮਾਮਲਾ
ਦੱਸਣਯੋਗ ਹੈ ਕਿ 1989 ਨੂੰ ਰੂਬੀਆ ਸਈਅਦ ਨੂੰ ਯਾਸੀਨ ਮਲਿਕ ਅਤੇ ਹੋਰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਇਸ ਦੇ ਬਦਲੇ ਵੱਖ-ਵੱਖ ਜੇਲ੍ਹਾਂ 'ਚ ਬੰਦ 5 ਖੂੰਖਾਰ ਅੱਤਵਾਦੀਆਂ ਨੂੰ ਛੱਡਣਾ ਪਿਆ ਸੀ। ਇਸ ਘਟਨਾ ਦੇ ਲਗਭਗ ਡੇਢ ਮਹੀਨੇ ਬਾਅਦ 25 ਜਨਵਰੀ 1990 ਨੂੰ ਯਾਸੀਨ ਮਲਿਕ ਅਤੇ ਜੇ.ਕੇ.ਐੱਲ.ਐੱਫ. ਦੇ ਹੋਰ ਅੱਤਵਾਦੀਆਂ ਨੇ ਸ਼੍ਰੀਨਗਰ 'ਚ ਹਵਾਈ ਫ਼ੌਜ ਦੇ ਜਵਾਨਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ 'ਚ 4 ਦੀ ਮੌਤ ਹੋ ਗਈ, ਜਦੋਂ ਕਿ 40 ਹੋਰ ਜ਼ਖ਼ਮੀ ਹੋ ਗਏ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ