ਕੇਂਦਰ ਦੇ ਆਮ ਬਜਟ ਤੋਂ CM ਸੁੱਖੂ ਹੋਏ ਨਿਰਾਸ਼, ਬੋਲੇ- ਹਿਮਾਚਲ ਨੂੰ ਕੁਝ ਨਹੀਂ ਮਿਲਿਆ

Tuesday, Jul 23, 2024 - 10:32 PM (IST)

ਕੇਂਦਰ ਦੇ ਆਮ ਬਜਟ ਤੋਂ CM ਸੁੱਖੂ ਹੋਏ ਨਿਰਾਸ਼, ਬੋਲੇ- ਹਿਮਾਚਲ ਨੂੰ ਕੁਝ ਨਹੀਂ ਮਿਲਿਆ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਕਿਹਾ ਕਿ ਸੰਸਦ 'ਚ ਪੇਸ਼ ਕੀਤੇ ਗਏ ਕੇਂਦਰੀ ਬਜਟ 'ਚ ਹਿਮਾਚਲ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਉਸ ਨੂੰ ਕੁਝ ਵੀ ਨਹੀਂ ਮਿਲਿਆ। ਹਾਲਾਂਕਿ, ਸੂਬੇ 'ਚ ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਬਜਟ ਦੀ ਪ੍ਰਸ਼ੰਸਾ ਕੀਤੀ ਹੈ। 

ਸੁੱਖੂ ਨੇ ਇਕ ਬਿਆਨ ਵਿਚ ਕਿਹਾ ਕਿ ਬਜਟ ਵਿਚ ਵਿਤਕਰਾ ਸਾਫ਼ ਨਜ਼ਰ ਆ ਰਿਹਾ ਹੈ ਕਿਉਂਕਿ ਬਿਹਾਰ ਅਤੇ ਆਂਧਰਾ ਪ੍ਰਦੇਸ਼ ਵਿਚ ਕੌਮੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੀਆਂ ਸਹਿਯੋਗੀ ਪਾਰਟੀਆਂ ਨੂੰ ਇਨਾਮ ਦਿੱਤਾ ਗਿਆ ਹੈ ਪਰ ਹਿਮਾਚਲ ਨੂੰ ਪਿਛਲੇ ਸਾਲ ਦੀ ਮਾਨਸੂਨ ਆਫ਼ਤ ਲਈ ਵਿਸ਼ੇਸ਼ ਪੈਕੇਜ ਤੋਂ ਵਾਂਝੇ ਰੱਖਣ ਦਾ ਕੋਈ ਜ਼ਿਕਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. ਮੁਆਵਜ਼ੇ ਦੀ ਸਮਾਪਤੀ ਨੇ ਹਿਮਾਚਲ ਪ੍ਰਦੇਸ਼ ਨੂੰ ਇਕ ਨਾਜ਼ੁਕ ਵਿੱਤੀ ਸਥਿਤੀ ਵਿਚ ਪਾ ਦਿੱਤਾ ਹੈ, ਜਿਸਦੇ ਨਤੀਜੇ ਵਜੋਂ ਸਾਲਾਨਾ ਨੁਕਸਾਨ ਹੁੰਦਾ ਹੈ, ਜਿਸ ਨੂੰ ਸੂਬਾ ਬਰਦਾਸ਼ਤ ਨਹੀਂ ਕਰ ਸਕਦਾ ਹੈ। ਇਸ ਨੁਕਸਾਨ ਨੂੰ ਘੱਟ ਕਰਨ ਅਤੇ ਸਾਡੇ ਸੂਬੇ ਦੀ ਵਿੱਤੀ ਸਥਿਰਤਾ ਨੂੰ ਸਮਰਥਨ ਦੇਣ ਲਈ ਬਿਹਾਰ ਅਤੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਫੌਰੀ ਲੋੜ ਸੀ। 

ਇਸ ਦੌਰਾਨ ਸੂਬਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕੇਂਦਰੀ ਬਜਟ ਨੂੰ "ਵਿਕਸਿਤ ਭਾਰਤ" ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਕ ਮੀਲ ਪੱਥਰ ਦੱਸਿਆ ਅਤੇ ਕਿਹਾ ਕਿ ਔਰਤਾਂ, ਨੌਜਵਾਨਾਂ, ਕਿਸਾਨਾਂ ਅਤੇ ਗਰੀਬਾਂ ਦੇ ਸਸ਼ਕਤੀਕਰਨ ਲਈ ਕਦਮ ਚੁੱਕੇ ਗਏ ਹਨ।


author

Rakesh

Content Editor

Related News