ਪਾਕਿ 'ਚ ਵਾਪਰੀਆਂ ਘਟਨਾਵਾਂ 'ਤੇ ਇਮਰਾਨ ਦਾ ਨਾ ਬੋਲਣਾ ਦੁੱਖ ਦੀ ਗੱਲ : ਸੁਖਬੀਰ ਬਾਦਲ
Monday, Jan 06, 2020 - 03:10 PM (IST)
ਨਵੀਂ ਦਿੱਲੀ— ਪਾਕਿਸਤਾਨ 'ਚ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹਮਲੇ ਅਤੇ ਇਕ ਸਿੱਖ ਨੌਜਵਾਨ ਦੀ ਹੱਤਿਆ ਦੇ ਸੰਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਗੁੱਸਾ ਫੁਟਿਆ। ਸੋਮਵਾਰ ਭਾਵ ਅੱਜ ਦਿੱਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਬਹੁਤ ਦੁਖੀ ਮਹਿਸੂਸ ਕਰਦੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖ ਭਾਈਚਾਰੇ ਦੀ ਸੁਰੱਖਿਆ ਸੰਬੰਧੀ ਭਰੋਸੇ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ (ਯੂ. ਐੱਨ.) ਸਮੇਤ ਹੋਰ ਕੌਮਾਂਤਰੀ ਮੰਚਾਂ 'ਤੇ ਚੁੱਕਿਆ ਜਾਵੇ। ਸੁਖਬੀਰ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਸਾਫ ਹੁੰਦਾ ਹੈ ਕਿ ਪਾਕਿਸਤਾਨ 'ਚ ਘੱਟ ਗਿਣਤੀ ਸੁਰੱਖਿਅਤ ਨਹੀਂ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇਤਾਵਾਂ ਦੇ ਇਕ ਵਫ਼ਦ ਨੇ ਅੱਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਅਸੀਂ ਉਨ੍ਹਾਂ ਨੂੰ ਪਾਕਿਸਤਾਨ 'ਚ ਸ੍ਰੀ ਨਨਕਾਣਾ ਸਾਹਿਬ 'ਤੇ ਹਮਲੇ ਅਤੇ ਸਿੱਖ ਨੌਜਵਾਨਾਂ ਦੀ ਹੱਤਿਆ ਦੇ ਸੰਬੰਧ 'ਚ ਇਕ ਮੰਗ ਪੱਤਰ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਿੰਦਣਯੋਗ ਹਨ, ਅਸੀਂ ਇਸ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਪਾਕਿਸਤਾਨ 'ਚ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ 'ਤੇ ਭੀੜ ਵਲੋਂ ਪੱਥਰਬਾਜ਼ੀ ਕੀਤੀ ਗਈ ਸੀ। ਦਰਅਸਲ ਇੱਥੇ ਇਕ ਸਿੱਖ ਲੜਕੀ ਨੂੰ ਅਗਵਾ ਕਰ ਕੇ ਉਸ ਦਾ ਜ਼ਬਰਨ ਧਰਮ ਪਰਿਵਰਤਨ ਮਗਰੋਂ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾਇਆ ਗਿਆ ਸੀ। ਮੁਸਲਿਮ ਨੌਜਵਾਨ ਦੇ ਪਰਿਵਾਰ ਦੀ ਅਗਵਾਈ 'ਚ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਸੀ ਕਿ ਉਹ ਸਿੱਖਾਂ ਨੂੰ ਇੱਥੇ ਨਹੀਂ ਰਹਿਣ ਦੇਣਗੇ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਪੇਸ਼ਾਵਰ 'ਚ ਇਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।
