ਕੀ ਸੁਜਾਤਾ, ਨਵੀਨ ਬਾਬੂ ਦੀ ਵਾਰਿਸ ਹੈ ?

Wednesday, Jul 15, 2026 - 10:22 AM (IST)

ਕੀ ਸੁਜਾਤਾ, ਨਵੀਨ ਬਾਬੂ ਦੀ ਵਾਰਿਸ ਹੈ ?

ਓਡਿਸ਼ਾ ਦੇ ਸਿਆਸੀ ਗਲਿਆਰਿਆਂ ਵਿਚ ਅਜਿਹੀਆਂ ਖ਼ਬਰਾਂ ਹਨ ਕਿ ਬੀਜੂ ਜਨਤਾ ਦਲ (ਬੀਜਦ) ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਆਪਣੇ ਕਰੀਬੀ ਸਹਿਯੋਗੀ ਦੀ ਪਤਨੀ ਸੁਜਾਤਾ ਰਾਊਤ ਕਾਰਤੀਕੇਅਨ ਨੂੰ ਆਪਣਾ ਵਾਰਿਸ ਦੱਸ ਰਹੇ ਹਨ। ਉਹ ਸਾਬਕਾ ਆਈ. ਏ. ਐੱਸ. ਅਫ਼ਸਰ ਵੀ. ਕੇ. ਪਾਂਡੀਅਨ ਦੀ ਪਤਨੀ ਹੈ, ਜਿਸਨੂੰ 2024 ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਨ ਦਾ ਵਾਰਿਸ ਮੰਨਿਆ ਜਾ ਰਿਹਾ ਸੀ। ਉਦੋਂ ਭਾਜਪਾ ਨੇ ਇਹ ਨੈਰੇਟਿਵ ਬਣਾਇਆ ਸੀ ਕਿ ਨਵੀਨ ਪਟਨਾਇਕ ਆਪਣੇ ਸਿਆਸੀ ਵਾਰਿਸ ਵਜੋਂ ਇਕ ‘ਤਮਿਲ ਬਾਹਰੀ ਵਿਅਕਤੀ’ ਨੂੰ ਤਿਆਰ ਕਰ ਰਹੇ ਹਨ, ਜਿਸ ਨਾਲ ਬੀਜਦ ਨੂੰ ਕਾਫੀ ਸਿਆਸੀ ਨੁਕਸਾਨ ਹੋਇਆ।

ਚੋਣ ਝਟਕੇ ਤੋਂ ਬਾਅਦ, ਪਾਂਡੀਅਨ ਸਿਆਸੀ ਚਕਾਚੌਂਧ ਤੋਂ ਦੂਰ ਹੋ ਗਏ ਜਦੋਂ ਕਿ ਉਨ੍ਹਾਂ ਦੀ ਪਤਨੀ, ਸੁਜਾਤਾ ਰਾਊਤ ਕਾਰਤੀਕੇਅਨ, ਹੌਲੀ-ਹੌਲੀ ਦ੍ਰਿਸ਼ ਵਿਚ ਉੱਭਰ ਕੇ ਸਾਹਮਣੇ ਆਈ। ਖ਼ੁਦ ਇਕ ਸਾਬਕਾ ਆਈ. ਏ. ਐੱਸ. ਅਧਿਕਾਰੀ, ਸੁਜਾਤਾ ਨੂੰ ਨਵੀਨ ਪਟਨਾਇਕ ਸਰਕਾਰ ਦੀ ਖ਼ਾਸ ਮਹਿਲਾ ਸਸ਼ਕਤੀਕਰਨ ਮੁਹਿੰਮ ਦੀ ਰੂਪ ਰੇਖਾ ਤਿਆਰ ਕਰਨ ਅਤੇ ਉਸਨੂੰ ਲਾਗੂ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਬਾਅਦ ਵਿਚ ਉਨ੍ਹਾਂ ਨੇ ਸਿਵਲ ਸਰਵਿਸ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਸੁਜਾਤਾ ਹੁਣ ਅਧਿਕਾਰਤ ਤੌਰ ’ਤੇ ਬੀਜਦ ਵਿਚ ਸ਼ਾਮਲ ਹੋ ਗਈ ਹੈ। ਵੀ. ਕੇ. ਪਾਂਡੀਅਨ ਚੋਣਾਂ ਤੋਂ ਬਾਅਦ ਹੀ ਸਰਗਰਮ ਸਿਆਸਤ ਤੋਂ ਦੂਰ ਹੋ ਗਏ ਸਨ। ਬੀਜਦ ਹਲਕਿਆਂ ਵਿਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੁਜਾਤਾ ਪਾਰਟੀ ਦਾ ਨਵਾਂ ਪਬਲਿਕ ਚਿਹਰਾ ਬਣ ਸਕਦੀ ਹੈ ਅਤੇ ਆਖ਼ਰਕਾਰ ਨਵੀਨ ਪਟਨਾਇਕ ਦੀ ਸਿਆਸੀ ਵਾਰਿਸ ਵਜੋਂ ਉੱਭਰ ਸਕਦੀ ਹੈ। ਦਿਲਚਸਪ ਗੱਲ ਇਹ ਹੈ ਕਿ ਹਾਲ ਹੀ ਵਿਚ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਪਟਨਾਇਕ ਦੇ ਭਤੀਜੇ ਜਾਂ ਦੂਜੇ ਕਰੀਬੀ ਰਿਸ਼ਤੇਦਾਰ ਸਰਗਰਮ ਸਿਆਸਤ ਵਿਚ ਆਉਣ ਲਈ ਤਿਆਰ ਨਹੀਂ ਹਨ। ਖ਼ਬਰ ਹੈ ਕਿ ਇਸੇ ਕਾਰਨ ਇਸ ਬਜ਼ੁਰਗ ਆਗੂ ਨੂੰ ਸਿਆਸੀ ਵਾਰਿਸ ਦੀ ਭਾਲ ਵਿਚ ਪਰਿਵਾਰ ਤੋਂ ਬਾਹਰ ਦੇਖਣਾ ਪੈ ਰਿਹਾ ਹੈ।


author

Harpreet SIngh

Content Editor

Related News