ਕੇ-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ; 3500 ਕਿਮੀ ਦੀ ਰੇਂਜ, 2 ਟਨ ਨਿਊਕਲੀਅਰ ਪੇਲੋਡ ਲਿਜਾਣ ''ਚ ਸਮਰੱਥ

Thursday, Dec 25, 2025 - 09:23 PM (IST)

ਕੇ-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ; 3500 ਕਿਮੀ ਦੀ ਰੇਂਜ, 2 ਟਨ ਨਿਊਕਲੀਅਰ ਪੇਲੋਡ ਲਿਜਾਣ ''ਚ ਸਮਰੱਥ

ਨਵੀਂ ਦਿੱਲੀ (ਇੰਟ.)-ਭਾਰਤ ਨੇ ਬੰਗਾਲ ਦੀ ਖਾੜੀ ਵਿਚ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀ ਪਣਡੁੱਬੀ ਆਈ. ਐੱਨ. ਐੱਸ. ਅਰੀਘਾਟ ਤੋਂ 3500 ਕਿਲੋਮੀਟਰ ਦੀ ਰੇਂਜ ਵਾਲੀ ਕੇ-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਇਹ ਟੈਸਟ ਮੰਗਲਵਾਰ ਨੂੰ ਵਿਸ਼ਾਖਾਪਟਨਮ ਤੱਟ ਨੇੜੇ ਕੀਤਾ ਗਿਆ। ਇਸ ਦੀ ਜਾਣਕਾਰੀ ਸਮੁੰਦਰੀ ਫੌਜ ਨੇ ਵੀਰਵਾਰ ਨੂੰ ਦਿੱਤੀ। ਭਾਰਤ ਜ਼ਮੀਨ, ਹਵਾ ਅਤੇ ਸਮੁੰਦਰ ਤੋਂ ਵੀ ਪ੍ਰਮਾਣੂ ਹਥਿਆਰਾਂ ਨੂੰ ਲਾਂਚ ਕਰਨ ’ਚ ਸਮਰੱਥ ਹੈ।

ਇਹ ਮਿਜ਼ਾਈਲ 2 ਟਨ ਤੱਕ ਨਿਊਕਲੀਅਰ ਵਾਰਹੈੱਡ ਲਿਜਾਣ ਵਿਚ ਸਮਰੱਥ ਹੈ। ਕੇ-ਸੀਰੀਜ਼ ਦੀਆਂ ਮਿਜ਼ਾਈਲਾਂ ਵਿਚ ‘ਕੇ’ ਅੱਖਰ ਡਾ. ਏ. ਪੀ. ਜੇ. ਅਬਦੁੱਲ ਕਲਾਮ ਦੇ ਸਨਮਾਨ ਵਿਚ ਰੱਖਿਆ ਗਿਆ ਹੈ। ਇਨ੍ਹਾਂ ਦੀ ਭਾਰਤ ਦੇ ਮਿਜ਼ਾਈਲ ਪ੍ਰੋਗਰਾਮ ਵਿਚ ਅਹਿਮ ਭੂਮਿਕਾ ਰਹੀ ਹੈ।

ਮਿਜ਼ਾਈਲ ਦੀ ਤਕਨੀਕ ਤੇ ਖਾਸੀਅਤ
ਕੇ-4 ਮਿਜ਼ਾਈਲ, ਜ਼ਮੀਨ ਤੋਂ ਲਾਂਚ ਹੋਣ ਵਾਲੀ ਅਗਨੀ-ਸੀਰੀਜ਼ ’ਤੇ ਆਧਾਰਿਤ ਇਕ ਐਡਵਾਂਸ ਸਿਸਟਮ ਮਿਜ਼ਾਈਲ ਹੈ, ਜਿਸ ਨੂੰ ਪਣਡੁੱਬੀ ਰਾਹੀਂ ਲਾਂਚ ਲਈ ਬਣਾਇਆ ਗਿਆ ਹੈ। ਲਾਂਚ ਹੋਣ ਸਮੇਂ ਮਿਜ਼ਾਈਲ ਪਹਿਲਾਂ ਸਮੁੰਦਰ ਦੀ ਸਤ੍ਹਾ ਤੋਂ ਬਾਹਰ ਆਉਂਦੀ ਹੈ, ਫਿਰ ਆਪਣੇ ਨਿਸ਼ਾਨੇ ਵੱਲ ਵਧਦੀ ਹੈ। ਇਹ ਮਿਜ਼ਾਈਲ ਪ੍ਰਮਾਣੂ ਹਥਿਆਰਾਂ ਨੂੰ ਲਿਜਾਣ ’ਚ ਸਮਰੱਥ ਹੈ। ਕੇ-4 ਨੂੰ ਭਾਰਤ ਦੇ ‘ਨਿਊਕਲੀਅਰ ਟ੍ਰਾਇਡ’ ਦਾ ਇਕ ਅਹਿਮ ਥੰਮ੍ਹ ਮੰਨਿਆ ਜਾਂਦਾ ਹੈ। ਇਸ ਨਾਲ ਭਾਰਤ ਦੀ ‘ਡਿਟੇਰੇਂਸ’ ਸਮਰੱਥਾ ਮਜ਼ਬੂਤ ਹੁੰਦੀ ​ਹੈ, ਭਾਵ ਇਹ ਸੰਭਾਵੀ ਦੁਸ਼ਮਣ ’ਤੇ ਮਨੋਵਿਗਿਆਨਕ ਦਬਾਅ ਪੈਦਾ ਕਰਦੀ ਹੈ ਕਿ ਕਿਸੇ ਵੀ ਹਮਲੇ ਦਾ ਜਵਾਬ ਦਿੱਤਾ ਜਾ ਸਕਦਾ ਹੈ।


author

Baljit Singh

Content Editor

Related News