ਪਿਤਾ ਅਤੇ ਭਰਾ ਨੇ ਵਿਦਿਆਰਥਣ ਨਾਲ ਗਲ਼ਾ ਘੁੱਟ ਕੀਤਾ ਕਤਲ, ਫਿਰ ਸਬੂਤ ਮਿਟਾਉਣ ਲਈ ਸਾੜੀ ਲਾਸ਼

01/27/2023 5:24:44 PM

ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ 'ਚ ਪਿਤਾ, ਭਰਾ ਅਤੇ ਤਿੰਨ ਹੋਰ ਪੁਰਸ਼ ਰਿਸ਼ਤੇਦਾਰਾਂ ਨੇ ਪ੍ਰੇਮ ਪ੍ਰਸੰਗ 'ਚ 22 ਸਾਲਾ ਮੈਡੀਕਲ ਵਿਦਿਆਰਥਣ ਦਾ ਕਤਲ ਕਰਨ ਤੋਂ ਬਾਅਦ ਲਾਸ਼ ਸਾੜ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਤੋਂ 600 ਕਿਲੋਮੀਟਰ ਦੂਰ ਲਿੰਬਗਾਂਵ ਪੁਲਸ ਥਾਣਾ ਖੇਤਰ ਦੇ ਅਧੀਨ ਸਥਿਤ ਪਿੰਪਰੀ ਮਹਿਪਾਲ ਪਿੰਡ 'ਚ 22 ਜਨਵਰੀ ਨੂੰ ਘਟਨਾ ਹੋਈ ਅਤੇ ਪੁਲਸ ਨੇ ਸ਼ੁੱਕਰਵਾਰ ਨੂੰ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਸੁਭਾਂਗੀ ਜੋਗਦੰਡ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਅਤੇ ਸਬੂਤ ਮਿਟਾਉਣ ਲਈ ਉਸ ਦੀ ਲਾਸ਼ ਸਾੜ ਕੇ ਅਵਸ਼ੇਸ਼ ਨਾਲੇ 'ਚ ਵਹਾਅ ਦਿੱਤੇ। ਅਧਿਕਾਰੀ ਨੇ ਦੱਸਿਆ ਕਿ ਪੀੜਤਾ ਹੋਮਿਓਪੈਥੀ ਮੈਡੀਸਿਨ ਅਤੇ ਸਰਜਰੀ ਵਿਸ਼ੇ ਦੇ ਗਰੈਜੂਏਸ਼ਨ 'ਚ ਤੀਜੇ ਸਾਲ ਦੀ ਵਿਦਿਆਰਥਣ ਸੀ ਅਤੇ ਉਸ ਦਾ ਵਿਆਹ ਤੈਅ ਕਰ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਕੁੜੀ ਨੇ ਪਰਿਵਾਰ ਨੂੰ ਦੱਸਿਆ ਕਿ ਉਹ ਉਸ ਮੁੰਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ, ਕਿਉਂਕਿ ਉਹ ਪਿੰਡ ਦੇ ਹੀ ਇਕ ਹੋਰ ਨੌਜਵਾਨ ਨਾਲ ਪਿਆਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਿਆਹ ਟੁੱਟਣ ਨਾਲ ਪੀੜਤਾ ਦਾ ਪਰਿਵਾਰ ਨਾਰਾਜ਼ ਸੀ। ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਪਿਤਾ, ਭਰਾ, ਚਾਚਾ ਅਤੇ ਚਚੇਰੇ ਭਰਾ 22 ਜਨਵਰੀ ਦੀ ਰਾਤ ਉਸ ਨੂੰ ਖੇਤ 'ਚ ਲੈ ਗਏ ਅਤੇ ਉਨ੍ਹਾਂ ਨੇ ਕੁੜੀ ਦਾ ਕਤਲ ਕਰਨ ਤੋਂ ਬਾਅਦ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਆਈ.ਪੀ.ਸੀ. ਦੀ ਧਾਰਾ 302 (ਕਤਲ) ਸਮੇਤ ਹੋਰ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।


DIsha

Content Editor

Related News