‘ਤੌਕਤੇ’ ਗੰਭੀਰ ਚੱਕਰਵਾਤ ਤੂਫ਼ਾਨ ’ਚ ਬਦਲਿਆ, ਗੁਜਰਾਤ ਤੱਟ ਲਈ ਯੈਲੋ ਅਲਰਟ ਜਾਰੀ
Sunday, May 16, 2021 - 02:13 PM (IST)
ਨਵੀਂ ਦਿੱਲੀ (ਭਾਸ਼ਾ)— ਚੱਕਰਵਾਤ ‘ਤੌਕਤੇ’ ਬਹੁਤ ਗੰਭੀਰ ਚੱਕਰਵਾਤ ਤੂਫ਼ਾਨ ’ਚ ਬਦਲ ਗਿਆ ਹੈ ਅਤੇ ਗੁਜਰਾਟ ਤੱਟ ਵੱਲ ਵਧ ਰਿਹਾ ਹੈ। ਭਾਰਤ ਮੌਸਮ ਵਿਗਿਆਨ ਮਹਿਕਮੇ (ਆਈ. ਐੱਮ. ਡੀ.) ਨੇ ਐਤਵਾਰ ਨੂੰ ਦੱਸਿਆ ਕਿ ਇਸ ਦੇ ਉੱਤਰੀ-ਪੱਛਮੀ ਵੱਲ ਵੱਧਣ ਅਤੇ 17 ਮਈ ਦੀ ਸ਼ਾਮ ਤੱਕ ਗੁਜਰਾਤ ਦੇ ਤੱਟ ’ਤੇ ਪਹੁੰਚਣ ਦੀ ਸੰਭਾਵਨਾ ਹੈ। ਇਹ ਤੂਫ਼ਾਨ 18 ਮਈ ਨੂੰ ਪੋਰਬੰਦਰ ਅਤੇ ਮਹੁਆ ਦਰਮਿਆਨ ਸੂਬੇ ਦੇ ਤੱਟ ਨੂੰ ਪਾਰ ਕਰੇਗਾ। ਮੌਸਮ ਵਿਗਿਆਨ ਮਹਿਕਮੇ ਮੁਤਾਬਕ 18 ਮਈ ਤੱਕ ਹਵਾ ਦੀ ਰਫ਼ਤਾਰ 150-160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੱਧਣ ਦੇ ਆਸਾਰ ਹਨ, ਜਦਕਿ ਕੁਝ ਸਮੇਂ ਲਈ ਹਵਾ ਦੀ ਰਫ਼ਤਾਰ 175 ਕਿਲੋਮੀਟਰ ਪ੍ਰਤੀ ਘੰਟੇ ਤੱਕ ਵੀ ਪਹੁੰਚ ਸਕਦੀ ਹੈ।
ਮੌਸਮ ਮਹਿਕਮੇ ਨੇ ਦੱਸਿਆ ਕਿ ਦੱਖਣੀ ਮਹਾਰਾਸ਼ਟਰ-ਗੋਆ ਅਤੇ ਇਸ ਨਾਲ ਲੱਗਦੇ ਕਰਨਾਟਕ ਦੇ ਤੱਟਾਂ ’ਤੇ ਹਵਾ ਦੀ ਰਫ਼ਤਾਰ 70-80 ਤੋਂ ਲੈ ਕੇ 90 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ। ਉੱਤਰੀ-ਪੂਰਬੀ ਅਰਬ ਸਾਗਰ ਅਤੇ ਗੁਜਰਾਤ ਤੱਟ ’ਤੇ (ਪੋਰਬੰਦਰ, ਜੂਨਾਗੜ੍ਹ, ਗਿਰ ਸੋਮਨਾਥ, ਅਮਰੇਲੀ) ਅਤੇ ਸਮੁੰਦਰੀ ਕੰਢੇ ’ਤੇ ਹਵਾ ਦੀ ਰਫ਼ਤਾਰ 150-160 ਤੋਂ 175 ਕਿਲੋਮੀਟਰ ਪ੍ਰਤੀ ਘੰਟੇ ਹੋ ਸਕਦੀ ਹੈ। 18 ਮਈ ਨੂੰ ਤੜਕੇ ਦੇਵਭੂਮੀ, ਦੁਆਰਕਾ, ਜਾਮਨਗਰ ਅਤੇ ਭਾਵਨਗਰ ਜ਼ਿਲ੍ਹਿਆਂ ਵਿਚ ਹਵਾ ਦੀ ਰਫ਼ਤਾਰ 120-150 ਤੋਂ ਲੈ ਕੇ 165 ਕਿਲੋਮੀਟਰ ਪ੍ਰਤੀ ਘੰਟੇ ਹੋ ਸਕਦੀ ਹੈ। ਮੌਸਮ ਮਹਿਕਮੇ ਨੇ ਕਿਹਾ ਕਿ ਜੂਨਾਗੜ੍ਹ ਵਿਚ ਸਮੁੰਦਰ ਵਿਚ ਕਰੀਬ 3 ਮੀਟਰ ਉੱਚੀਆਂ ਲਹਿਰਾਂ ਉਠ ਸਕਦੀਆਂ ਹਨ, ਜਦਕਿ ਤੂਫ਼ਾਨ ਦੇ ਤੱਟ ਨਾਲ ਟਕਰਾਉਣ ਦੌਰਾਨ ਦੀਵ, ਗਿਰ ਸੋਮਨਾਥ, ਅਮਰੇਲੀ, ਭਰੂਚ, ਭਾਵਨਗਰ, ਅਹਿਮਦਾਬਾਦ, ਆਣੰਦ ਅਤੇ ਸੂਰਤ ਵਿਚ 1-2.5 ਮੀਟਰ ਉਚੀਆਂ ਲਹਿਰਾਂ ਉਠ ਸਕਦੀਆਂ ਹਨ ਅਤੇ ਇਲਾਕਿਆਂ ਵਿਚ ਪਾਣੀ ਭਰ ਸਕਦਾ ਹੈ।