ਦਿਮਾਗ ਤੋਂ ਅੰਤੜੀਆਂ ਤੱਕ ਪਹੁੰਚਦਾ ਹੈ ਤਣਾਅ, ਡਾਕਟਰਾਂ ਨੇ ਦੱਸਿਆ ਵੱਡਾ ਖ਼ਤਰਾ

Sunday, May 31, 2026 - 10:15 AM (IST)

ਦਿਮਾਗ ਤੋਂ ਅੰਤੜੀਆਂ ਤੱਕ ਪਹੁੰਚਦਾ ਹੈ ਤਣਾਅ, ਡਾਕਟਰਾਂ ਨੇ ਦੱਸਿਆ ਵੱਡਾ ਖ਼ਤਰਾ

ਨਵੀਂ ਦਿੱਲੀ (ਇੰਟ.)– ਦੇਰ ਰਾਤ ਤੱਕ ਮੋਬਾਈਲ ਸਕ੍ਰੀਨ ’ਤੇ ਸਮਾਂ ਬਿਤਾਉਣਾ, ਹਰ ਛੋਟੀ ਗੱਲ ’ਤੇ ਤਣਾਅ ਲੈਣਾ ਅਤੇ ਲਗਾਤਾਰ ਓਵਰਥਿੰਕਿੰਗ ਕਰਨਾ ਹੁਣ ਸਿਰਫ ਮਾਨਸਿਕ ਸਿਹਤ ਨੂੰ ਹੀ ਨਹੀਂ, ਸਗੋਂ ਪਾਚਨ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਸ਼ਹਿਰ ਦੇ ਗੈਸਟ੍ਰੋ ਮਾਹਿਰਾਂ ਦਾ ਕਹਿਣਾ ਹੈ ਕਿ ਤਣਾਅ ਅਤੇ ਅੰਤੜੀਆਂ ਵਿਚਾਲੇ ਡੂੰਘਾ ਸਬੰਧ ਹੈ, ਜਿਸ ਕਾਰਨ ਗੈਸ, ਕਬਜ਼, ਦਸਤ, ਪੇਟ ਦਰਦ ਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ।

ਗਟ-ਬ੍ਰੇਨ ਕੁਨੈਕਸ਼ਨ ਨਾਲ ਜੁੜੀ ਹੈ ਸਮੱਸਿਆ

ਡਾਕਟਰਾਂ ਅਨੁਸਾਰ ਮਨੁੱਖੀ ਸਰੀਰ ਵਿਚ ਦਿਮਾਗ ਤੇ ਅੰਤੜੀਆਂ ਨਸਾਂ ਤੇ ਹਾਰਮੋਨਾਂ ਰਾਹੀਂ ਇਕ-ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਇਸ ਨੂੰ ਮੈਡੀਕਲ ਭਾਸ਼ਾ ਵਿਚ ‘ਗਟ-ਬ੍ਰੇਨ ਕੁਨੈਕਸ਼ਨ’ ਕਿਹਾ ਜਾਂਦਾ ਹੈ। ਅੰਤੜੀਆਂ ਵਿਚ ਮੌਜੂਦ ਕਰੋੜਾਂ ਨਸਾਂ ਦੇ ਸੈੱਲਾਂ ਨੂੰ ਵਿਗਿਆਨੀ ‘ਸੈਕੰਡ ਬ੍ਰੇਨ’ ਵੀ ਮੰਨਦੇ ਹਨ। ਜਦੋਂ ਕੋਈ ਵਿਅਕਤੀ ਤਣਾਅ, ਚਿੰਤਾ ਜਾਂ ਗੁੱਸੇ ਦੀ ਸਥਿਤੀ ਵਿਚ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਅੰਤੜੀਆਂ ਦੀ ਕਾਰਜਪ੍ਰਣਾਲੀ ’ਤੇ ਪੈਂਦਾ ਹੈ।

ਹਰ ਚੌਥਾ ਮਰੀਜ਼ ਤਣਾਅ ਕਾਰਨ ਪੇਟ ਦੇ ਰੋਗ ਤੋਂ ਪੀੜਤ

ਸ਼ਹਿਰ ਦੇ ਹਸਪਤਾਲਾਂ ਵਿਚ ਆਉਣ ਵਾਲੇ ਪਾਚਨ ਸਬੰਧੀ ਮਰੀਜ਼ਾਂ ਵਿਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ, ਜਿਨ੍ਹਾਂ ਦੀ ਸਮੱਸਿਆ ਪਿੱਛੇ ਮਾਨਸਿਕ ਤਣਾਅ ਮੁੱਖ ਕਾਰਨ ਵਜੋਂ ਸਾਹਮਣੇ ਆ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨੌਜਵਾਨ ਵਰਗ ਵੀ ਇਸ ਤੋਂ ਬਚਿਆ ਨਹੀਂ ਅਤੇ 20 ਤੋਂ 45 ਸਾਲ ਦੀ ਉਮਰ ਦੇ ਲੋਕ ਤੇਜ਼ੀ ਨਾਲ ਇਸ ਦੀ ਲਪੇਟ ਵਿਚ ਆ ਰਹੇ ਹਨ।

ਟੈਸਟਾਂ ’ਚ ਕੁਝ ਨਹੀਂ ਨਿਕਲਿਆ, ਤਣਾਅ ਨਿਕਲਿਆ ਅਸਲੀ ਕਾਰਨ

ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਕ ਮਰੀਜ਼ ਪਿਛਲੇ 2 ਮਹੀਨਿਆਂ ਤੋਂ ਪੇਟ ਦਰਦ ਤੇ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ। ਕਈ ਟੈਸਟਾਂ ਦੇ ਬਾਵਜੂਦ ਬਿਮਾਰੀ ਦਾ ਕਾਰਨ ਸਪਸ਼ਟ ਨਹੀਂ ਹੋਇਆ। ਬਾਅਦ ਵਿਚ ਮਾਹਿਰਾਂ ਨੇ ਦੇਖਿਆ ਕਿ ਲਗਾਤਾਰ ਤਣਾਅ, ਦੇਰ ਰਾਤ ਤੱਕ ਮੋਬਾਈਲ ਫੋਨ ਦੀ ਵਰਤੋਂ ਅਤੇ ਪੂਰੀ ਨੀਂਦ ਨਾ ਲੈਣਾ ਹੀ ਉਸ ਦੀ ਪ੍ਰੇਸ਼ਾਨੀ ਦਾ ਮੁੱਖ ਕਾਰਨ ਸੀ। ਜੀਵਨ ਸ਼ੈਲੀ ਵਿਚ ਸੁਧਾਰ ਅਤੇ ਤਣਾਅ ਘੱਟ ਹੋਣ ਤੋਂ ਬਾਅਦ ਉਸ ਦੀ ਸਥਿਤੀ ਵਿਚ ਸੁਧਾਰ ਹੋਇਆ।

ਰਾਹਤ ਲਈ ਅਪਣਾਓ ਇਹ ਉਪਾਅ :

  • ਰੋਜ਼ਾਨਾ 7 ਤੋਂ 8 ਘੰਟੇ ਦੀ ਪੂਰੀ ਨੀਂਦ ਲਓ।
  • ਮੋਬਾਈਲ ਤੇ ਲੈਪਟਾਪ ਦੀ ਬਹੁਤ ਜ਼ਿਆਦਾ ਵਰਤੋਂ ਨਾ ਕਰੋ।
  • ਜੰਕ ਫੂਡ ਅਤੇ ਬਹੁਤੇ ਮਸਾਲੇਦਾਰ ਭੋਜਨ ਤੋਂ ਬਚੋ।
  • ਛੋਟੀਆਂ-ਛੋਟੀਆਂ ਗੱਲਾਂ ’ਤੇ ਤਣਾਅ ਲੈਣ ਦੀ ਆਦਤ ਛੱਡੋ।
  • ਯੋਗਾ, ਮੈਡੀਟੇਸ਼ਨ ਅਤੇ ਰੋਜ਼ਾਨਾ ਕਸਰਤ ਨੂੰ ਆਪਣੀ ਰੁਟੀਨ ਵਿਚ ਸ਼ਾਮਲ ਕਰੋ।
  • ਸਮੇਂ ਸਿਰ ਭੋਜਨ ਕਰੋ ਅਤੇ ਲੋੜੀਂਦੀ ਮਾਤਰਾ ਵਿਚ ਪਾਣੀ ਪੀਓ।

ਕੀ ਕਹਿੰਦੇ ਹਨ ਮਾਹਿਰ?

ਮਾਹਿਰਾਂ ਅਨੁਸਾਰ ਸਰੀਰ ਤੇ ਮਨ ਇਕ-ਦੂਜੇ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਇਸ ਲਈ ਮਾਨਸਿਕ ਤਣਾਅ ਨੂੰ ਕਾਬੂ ਵਿਚ ਰੱਖਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਸਰੀਰਕ ਸਿਹਤ ਦਾ ਧਿਆਨ ਰੱਖਣਾ। ਜੇਕਰ ਤਣਾਅ ਘੱਟ ਹੋਵੇਗਾ ਤਾਂ ਪਾਚਨ ਪ੍ਰਣਾਲੀ ਵੀ ਬਿਹਤਰ ਤਰੀਕੇ ਨਾਲ ਕੰਮ ਕਰੇਗੀ।

ਕਬਜ਼, ਦਸਤ ਤੇ ਪੇਟ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼

ਗੈਸਟ੍ਰੋ ਮਾਹਿਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਹੋਣ ਵਾਲੇ ਪੇਟ ਦਰਦ, ਗੈਸ, ਕਬਜ਼, ਦਸਤ ਜਾਂ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਇਹ ਸਮੱਸਿਆਵਾਂ ਲੰਮੇ ਸਮੇਂ ਤੱਕ ਬਣੀਆਂ ਰਹਿਣ ਤਾਂ ਡਾਕਟਰੀ ਸਲਾਹ ਲੈਣੀ ਲਾਜ਼ਮੀ ਹੈ। ਤਣਾਅ ਨੂੰ ਕੰਟਰੋਲ ਵਿਚ ਕਰਨ ਨਾਲ ਪਾਚਨ ਸਬੰਧੀ ਕਈ ਪ੍ਰੇਸ਼ਾਨੀਆਂ ਵਿਚ ਸੁਧਾਰ ਸੰਭਵ ਹੈ।


author

cherry

Content Editor

Related News