ਕੋਲਕਾਤਾ ਪਹੁੰਚਿਆ ‘ਨਾਰਵੈਸਟਰ’ ਤੂਫਾਨ, ਕਈ ਜਗ੍ਹਾ ਉਖੜੇ ਰੁੱਖ
Monday, Feb 25, 2019 - 09:23 PM (IST)

ਕੋਲਕਾਤਾ– ‘ਨਾਰਵੈਸਟਰ’ ਤੂਫਾਨ ਨੇ ਸੋਮਵਾਰ ਨੂੰ ਕੋਲਕਾਤਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਦਸਤਕ ਦਿੱਤੀ, ਜਿਸ ਨਾਲ ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਹੋਈ ਅਤੇ ਰੁੱਖ ਉਖੜ ਗਏ। ਮੌਸਮ ਵਿਭਾਗ ਅਨੁਸਾਰ ਸਵੇਰੇ 3:55 ਵਜੇ ਕੋਲਕਾਤਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ 44 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਨੇਰ ਆਇਆ ਅਤੇ ਇਸ ਤੋਂ ਬਾਅਦ ਸਵੇਰੇ 4:25 ਵਜੇ 56 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਇਸ ਦੌਰਾਨ ਸ਼ਹਿਰ ਵਿਚ 15.6 ਐੱਮ.ਐੱਮ.ਬਾਰਿਸ਼ ਦਰਜ ਕੀਤੀ ਗਈ। ਘੱਟੋ-ਘੱਟ ਤਾਪਮਾਨ 16.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹੜਾ ਸਾਧਾਰਨ ਤੋਂ 3 ਡਿਗਰੀ ਸੈਲਸੀਅਸ ਹੇਠਾਂ ਸੀ। ਕੋਲਕਾਤਾ ਨਗਰ ਨਿਗਮ (ਕੇ. ਐੱਮ. ਸੀ.) ਅਤੇ ਆਫਤ ਪ੍ਰਬੰਧਨ ਸਮੂਹ ਨੇ ਪੁਲਸ ਦੇ ਨਾਲ ਮਿਲ ਕੇ 14 ਥਾਵਾਂ ’ਤੇ ਡਿੱਗੇ ਦਰੱਖਤਾਂ ਅਤੇ ਟੁੱਟੀਆਂ ਤਾਰਾਂ ਨੂੰ ਹਟਾਇਆ। ਦੱਖਣੀ ਬੰਗਾਲ ਦੇ ਦੂਜੇ ਇਲਾਕਿਆਂ ਵਿਚ ਵੀ ਨਾਰਵੈਸਟਰ ਦੇ ਪਹੁੰਚਣ ਦੀ ਖਬਰ ਹੈ।