ਖੇਤੀ ਕਾਨੂੰਨ ਵਾਪਸੀ ਤੋਂ ਬਾਅਦ ਭਾਜਪਾ ਨੇਤਾਵਾਂ ਦੀ ‘ਭੜਕਾਊ’ ਬਿਆਨਬਾਜ਼ੀ ਰੋਕਣ ਮੋਦੀ : ਮਾਇਆਵਤੀ
Monday, Nov 22, 2021 - 02:01 PM (IST)
ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇ ਹੱਲ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਨੇਤਾਵਾਂ ਦੇ ਭੜਕਾਊ ਬਿਆਨਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਬਸਪਾ ਸੁਪਰੀਮੋ ਨੇ ਸੋਮਵਾਰ ਸਵੇਰੇ ਟਵੀਟ ਕੀਤਾ,‘‘ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਲਗਭਗ ਇਕ ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਸਵੀਕਾਰ ਕੀਤੇ ਜਾਣ ਦੇ ਨਾਲ-ਨਾਲ ਉਨ੍ਹਾਂ ਦੀਆਂ ਕੁਝ ਹੋਰ ਜਾਇਜ਼ ਮੰਗਾਂ ਦਾ ਵੀ ਹੱਲ ਜ਼ਰੂਰੀ ਹੈ ਤਾਂ ਕਿ ਉਹ ਸੰਤੁਸ਼ਟ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਕੇ ਆਪਣੇ ਕੰਮਾਂ ’ਚ ਫਿਰ ਤੋਂ ਪੂਰੀ ਤਰ੍ਹਾਂ ਜੁਟ ਸਕਣ।’’ ਮਾਇਆਵਤੀ ਨੇ ਲੜੀਵਾਰ ਟਵੀਟ ’ਚ ਕਿਹਾ,‘‘ਨਾਲ ਹੀ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਕੇਂਦਰ ਸਰਕਾਰ ਦੇ ਖ਼ਾਸ ਐਲਾਨ ਦੇ ਪ੍ਰਤੀ ਕਿਸਾਨਾਂ ’ਚ ਵਿਸ਼ਵਾਸ ਪੈਸਾ ਕਰਨ ਲਈ ਜ਼ਰੂਰੀ ਹੈ ਕਿ ਭਾਜਪਾ ਦੇ ਨੇਤਾਵਾਂ ਦੀ ਬਿਆਨਬਾਜ਼ੀ ’ਤੇ ਲਗਾਮ ਲੱਗੇ ਜੋ ਪ੍ਰਧਾਨ ਮੰਤਰੀ ਦੇ ਐਲਾਨ ਦੇ ਬਾਵਜੂਦ ਆਪਣੇ ਭੜਕਾਊ ਬਿਆਨਾਂ ਆਦਿ ਨਾਲ ਲੋਕਾਂ ’ਚ ਸ਼ੱਕ ਪੈਦਾ ਕਰ ਕੇ ਮਾਹੌਲ ਖ਼ਰਾਬ ਕਰ ਰਹੇ ਹਨ।’’
ਦੱਸਣਯੋਗ ਹੈ ਕਿ ਓਨਾਵ ਤੋਂ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਸ਼ੁੱਕਰਵਾਰ ਨੂੰ ਕਿਹਾ ਸੀ,‘‘ਬਿੱਲ ਤਾਂ ਬਣਦੇ-ਵਿਗੜਦੇ ਰਹਿੰਦੇ ਹਨ, ਫਿਰ ਵਾਪਸ ਆ ਜਾਣਗੇ, ਮੁੜ ਬਣ ਜਾਣਗੇ, ਕੋਈ ਦੇਰ ਨਹੀਂ ਲੱਗਦੀ।’’ ਉਨ੍ਹਾਂ ਕਿਹਾ,‘‘ਮੈਂ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਵੱਡਾ ਦਿਲ ਦਿਖਾਇਆ ਅਤੇ ਬਿੱਲ ਦੀ ਬਜਾਏ ਰਾਸ਼ਟਰ ਨੂੰ ਚੁਣਿਆ। ਜਿਨ੍ਹਾਂ ਦੇ ਇਰਾਦੇ ਗਲਤ ਸਨ, ਜਿਨ੍ਹਾਂ ਨੇ ‘ਪਾਕਿਸਤਾਨ ਜ਼ਿੰਦਾਬਾਦ’ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ, ਉਨ੍ਹਾਂ ਨੂੰ ਕਰਾਰਾ ਜਵਾਬ ਮਿਲਿਆ ਹੈ।’’ ਅਜਿਹੇ ਬਿਆਨਾਂ ਨੂੰ ਆਧਾਰ ਬਣਾ ਕੇ ਐਤਵਾਰ ਨੂੰ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਵੀ ਸੱਤਾਧਾਰੀ ਭਾਜਪਾ ਦੀ ਮੰਸ਼ਾ ’ਤੇ ਸਵਾਲ ਚੁੱਕੇ ਸਨ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਦਾ ਦਿਲ ਸਾਫ਼ ਨਹੀਂ ਹੈ ਅਤੇ ਉਹ ਉੱਤਰ ਪ੍ਰਦੇਸ਼ ’ਚ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਸੰਬੰਧ ’ਚ ਫਿਰ ਤੋਂ ਬਿੱਲ ਲਿਆਏਗੀ। ਕਾਂਗਰਸ ਨੇ ਵੀ ਭਾਜਪਾ ਨੇਤਾਵਾਂ ਦੇ ਬਿਆਨ ਦਾ ਹਵਾਲਾ ਦੇ ਕੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਨੂੰ ਧੋਖਾ ਕਰਾਰ ਦਿੱਤਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ