ਹਰਿਆਣਾ: ਨੂਹ ''ਚ ਦੋਹਾਂ ਪੱਖਾ ਦਰਮਿਆਨ ਪਥਰਾਅ, ਕਾਰਾਂ ਨੂੰ ਲਗਾਈ ਗਈ ਅੱਗ

Monday, Jul 31, 2023 - 05:33 PM (IST)

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਨਾਲ ਲੱਗਦੇ ਨੂਹ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਧਾਰਮਿਕ ਜਲੂਸ ਦੌਰਾਨ ਪਥਰਾਅ ਕੀਤਾ ਗਿਆ ਅਤੇ ਕਈ ਵਾਹਨਾਂ 'ਚ ਅੱਗ ਲਾ ਦਿੱਤੀ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦੋ ਪੱਖਾਂ ਵਿਚਾਲੇ ਪਥਰਾਅ ਦੌਰਾਨ ਭੀੜ ਨੂੰ ਤਿਤਰ-ਬਿਤਰ ਕਰਨ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ। ਤਣਾਅ ਦੀ ਸਥਿਤੀ ਨੂੰ ਵੇਖਦੇ ਹੋਏ ਇਲਾਕੇ 'ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਹੋਰ ਖੇਤਰਾਂ ਤੋਂ ਵੀ ਪੁਲਸ ਫੋਰਸ ਬੁਲਾਈ ਗਈ ਹੈ। ਪੁਲਸ ਮੁਤਾਬਕ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ਨੂੰ ਨੂਹ 'ਚ ਖੇੜਲਾ ਮੋਡ ਕੋਲ ਨੌਜਵਾਨਾਂ ਦੇ ਇਕ ਸਮੂਹ ਨੇ ਰੋਕਿਆ ਅਤੇ ਪਥਰਾਅ ਕਰਨ ਲੱਗੇ। ਇਕ ਅਧਿਕਾਰੀ ਨੇ ਦੱਸਿਆ ਕਿ ਜਲੂਸ 'ਚ ਸ਼ਾਮਲ ਇਕ ਜਾਂ ਦੋ ਕਾਰਾਂ ਵਿਚ ਵੀ ਅੱਗ ਲਾ ਦਿੱਤੀ ਗਈ। 

ਖ਼ਬਰਾਂ ਮੁਤਾਬਕ ਜਲੂਸ 'ਚ ਸ਼ਾਮਲ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਵਾਲੇ ਨੌਜਵਾਨਾਂ 'ਤੇ ਪਥਰਾਅ ਕੀਤਾ। ਜਲਾਭਿਸ਼ੇਕ ਯਾਤਰਾ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗਾਰਗੀ ਕੱਕੜ ਨੇ ਗੁਰੂਗ੍ਰਾਮ ਦੇ ਸਿਵਲ ਲਾਈਨਜ਼ ਵਿਚ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ। ਜਲੂਸ ਨਾਲ ਪੁਲਸ ਦੀ ਇਕ ਟੁਕੜੀ ਵੀ ਤਾਇਨਾਤ ਕੀਤੀ ਗਈ ਸੀ। ਪੁਲਸ ਨੇ ਦੱਸਿਆ ਕਿ ਇਸ ਝੜਪ ਵਿਚ ਕੁਝ ਲੋਕ ਜ਼ਖਮੀ ਹੋਏ ਹਨ ਪਰ ਤੈਅ ਗਿਣਤੀ ਅਜੇ ਨਹੀਂ ਦੱਸੀ ਹੈ। ਕੁਝ ਦਾਅਵਿਆਂ ਮੁਤਾਬਕ ਝੜਪ ਦੀ ਵਜ੍ਹਾ ਬੱਲਭਗੜ੍ਹ 'ਚ ਬਜਰੰਗ ਦਲ ਦੇ ਇਕ ਵਰਕਰ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਕ ਇਤਰਾਜ਼ਯੋਗ ਵੀਡੀਓ ਸੀ। ਨੂਹ ਦੇ ਥਾਣਾ ਮੁਖੀ ਹੁਕਮ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਹਾਲਾਤ ਸਥਿਰ ਹਨ।


Tanu

Content Editor

Related News