ਭਗਵਾਨ ਗਣੇਸ਼ ਸ਼ੋਭਾ ਯਾਤਰਾ ''ਤੇ ਪਥਰਾਅ, ਵਧਾਈ ਗਈ ਸੁਰੱਖਿਆ
Sunday, Sep 08, 2024 - 02:42 PM (IST)
ਰਤਲਾਮ- ਮੱਧ ਪ੍ਰਦੇਸ਼ ਦੇ ਰਤਲਾਮ 'ਚ ਸ਼ਨੀਵਾਰ ਰਾਤ ਭਗਵਾਨ ਗਣੇਸ਼ ਦੀ ਮੂਰਤੀ ਦੀ ਸਥਾਪਨਾ ਲਈ ਨਿਕਲ ਰਹੀ ਸ਼ੋਭਾਯਾਤਰਾ 'ਤੇ ਪੱਥਰ ਸੁੱਟੇ ਗਏ। ਵੇਖਦੇ ਹੀ ਵੇਖਦੇ ਮਾਮਲਾ ਭਖ ਗਿਆ। ਲੱਗਭਗ 500 ਲੋਕਾਂ ਨੇ ਸ਼ਨੀਵਾਰ ਰਾਤ ਨੂੰ ਸਟੇਸ਼ਨ ਰੋਡ ਪੁਲਸ ਥਾਣੇ ਦਾ ਘਿਰਾਓ ਕਰ ਲਿਆ। ਪੁਲਸ ਮੁਤਾਬਕ ਘਟਨਾ ਸ਼ਨੀਵਾਰ ਰਾਤ ਮੋਚੀਪੁਰਾ ਇਲਾਕੇ ਵਿਚ ਵਾਪਰੀ, ਜਦੋਂ ਕੁਝ ਲੋਕ 10 ਦਿਨਾਂ ਸ਼ੋਭਾ ਯਾਤਰਾ ਉਤਸਵ ਲਈ ਭਗਵਾਨ ਗਣੇਸ਼ ਦੀ ਮੂਰਤੀ ਲੈ ਕੇ ਜਾ ਰਹੇ ਸਨ। ਜਦੋਂ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਤਾਂ ਪਥਰਾਅ ਵਿਚ ਉਨ੍ਹਾਂ ਦਾ ਵਾਹਨ ਵੀ ਨੁਕਸਾਨਿਆ ਗਿਆ। ਸ਼ੋਭਾ ਯਾਤਰਾ 'ਤੇ ਪਥਰਾਅ ਤੋਂ ਬਾਅਦ ਸ਼ਹਿਰ ਦੀਆਂ ਅਹਿਮ ਥਾਵਾਂ 'ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਸੁਪਰਡੈਂਟ ਰਾਹੁਲ ਕੁਮਾਰ ਲੋਢਾ ਨੇ ਦੱਸਿਆ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੇ ਫਿਰ ਪਥਰਾਅ ਕੀਤਾ ਅਤੇ ਇਸ ਤੋਂ ਬਾਅਦ ਹੋਏ ਪਥਰਾਅ ਵਿਚ ਪੁਲਸ ਦੀ ਗੱਡੀ ਦੀ ਸ਼ੀਸ਼ਾ ਟੁੱਟ ਗਈ। ਲੋਢਾ ਨੇ ਕਿਹਾ ਕਿ ਪੁਲਸ ਨੂੰ ਮੌਕੇ ਤੋਂ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕਰਨਾ ਪਿਆ। ਉਨ੍ਹਾਂ ਕਿਹਾ ਕਿ ਰਤਲਾਮ ਦੇ ਜਾਵਰਾ ਸ਼ਹਿਰ ਅਤੇ ਧਾਰ ਜ਼ਿਲ੍ਹੇ ਤੋਂ ਪੁਲਸ ਬੁਲਾਈ ਗਈ ਹੈ ਅਤੇ ਸ਼ਹਿਰ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।