ਜੋ ਹੱਥ ਕਦੇ ਸਿਲਾਈ ਕਰਦੇ ਸਨ ਨਕਸਲੀਆਂ ਲਈ ਵਰਦੀ, ਹੁਣ ਬਣਾ ਰਹੇ ਨੇ ਮਾਸਕ

04/13/2020 5:05:54 PM

ਰਾਏਪੁਰ (ਭਾਸ਼ਾ)— ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲੇ 'ਚ ਜੋ ਹੱਥ ਪੁਲਸ ਦਲ 'ਤੇ ਗੋਲੀਬਾਰੀ ਕਰਦੇ ਸਨ ਅਤੇ ਨਕਸਲੀਆਂ ਲਈ ਵਰਦੀ ਸਿਲਾਈ ਕਰਦੇ ਸਨ, ਅੱਜ ਉਹ ਹੀ ਹੱਥ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਬਣਾ ਰਹੇ ਹਨ। ਸੂਬੇ ਦੇ ਬਸਤਰ ਖੇਤਰ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲੇ ਵਿਚ ਇਨ੍ਹੀਂ ਦਿਨੀਂ ਪੁਲਸ ਦੇ ਜਵਾਨ ਕੋਰੋਨਾ ਵਾਇਰਸਸ ਤੋਂ ਬਚਾਅ ਲਈ ਜ਼ਰੂਰੀ ਮਾਸਕ ਬਣਾ ਰਹੇ ਹਨ ਅਤੇ ਇਨ੍ਹਾਂ ਦੀ ਮਦਦ ਕਰ ਰਹੇ ਹਨ ਦੋ ਸਾਬਕਾ ਨਕਸਲੀ ਜਿਨ੍ਹਾਂ ਦੇ ਨਾਂ ਅ ਹਨ— ਮੜਕਮ ਲੱਖਾ ਅਤੇ ਰੀਨਾ ਵੇਕੋ। ਕੁਝ ਸਮਾਂ ਪਹਿਲਾਂ ਮੜਕਮ ਅਤੇ ਰੀਨਾ ਨਕਸਲੀਆਂ ਦੇ ਮਹੱਤਵਪੂਰਨ ਦਲ ਦਾ ਹਿੱਸਾ ਸਨ ਅਤੇ ਉਹ ਕਈ ਨਕਸਲੀ ਘਟਨਾਵਾਂ ਵਿਚ ਸ਼ਾਮਲ ਰਹੇ ਹਨ। ਭਟਕੇ ਹੋਏ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਤਕ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰ ਕੇ ਉਨ੍ਹਾਂ ਦੀ ਹੱਤਿਆ ਕਰਦੇ ਸਨ ਪਰ ਅੱਜ ਆਤਮ-ਸਮਰਪਣ ਤੋਂ ਬਾਅਦ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ।

ਆਤਮ-ਸਮਰਪਣ ਕਰ ਚੁੱਕੇ ਇਨ੍ਹਾਂ ਨਕਸਲੀਆਂ ਦਾ ਕਹਿਣਾ ਹੈ ਕਿ ਹਿੰਸਾ ਤੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹਿੰਸਾ ਦਰਦ ਤੋਂ ਇਲਾਵਾ ਕੁਝ ਨਹੀਂ ਦਿੰਦੀ ਪਰ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਸੁੱਖ ਅਤੇ ਸ਼ਾਂਤੀ ਮਿਲ ਰਹੀ ਹੈ। ਮੜਕਮ ਅਤੇ ਰੀਨਾ ਸੁਕਮਾ 'ਚ ਪੁਲਸ ਮੁਲਾਜ਼ਮਾਂ ਨਾਲ ਲੋਕਾਂ ਲਈ ਮਾਸਕ ਬਣਾਉਣ ਦੇ ਕੰਮ 'ਚ ਲੱਗੇ ਹਨ। ਮੜਕਮ ਨੇ ਦੱਸਿਆ ਕਿ ਹੁਣ ਤਕ ਲੱਗਭਗ 1,000 ਮਾਸਕ ਦੀ ਸਿਲਾਈ ਕਰ ਚੁੱਕੇ ਹਨ ਅਤੇ ਆਮ ਲੋਕਾਂ ਦੇ ਨਾਲ-ਨਾਲ ਪੁਲਸ ਮੁਲਾਜ਼ਮ ਵੀ ਇਸ ਦੀ ਵਰਤੋਂ ਕਰ ਰਹੇ ਹਨ। ਮੜਕਮ ਸਾਲ 2008 'ਚ ਹੀ ਨਕਸਲੀ ਸੰਗਠਨ 'ਚ ਸ਼ਾਮਲ ਹੋਇਆ ਸੀ ਅਤੇ ਪਿਛਲੇ ਸਾਲ ਅਗਸਤ ਮਹੀਨੇ 'ਚ ਉਸ ਨੇ ਆਤਮ-ਸਮਰਪਣ ਕਰ ਦਿੱਤਾ ਸੀ। ਉਸ ਨੇ ਕਿਹਾ ਕਿ ਇਹ ਕੋਈ ਵੱਡਾ ਯੋਗਦਾਨ ਨਹੀਂ ਹੈ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਸਮਾਜ ਲਈ ਕਿਸੇ ਵੀ ਤਰ੍ਹਾਂ ਨਾਲ ਕੰਮ ਕਰ ਰਿਹਾ ਹਾਂ। 

ਪੁਲਸ ਜਵਾਨਾਂ ਨਾਲ ਮਿਲ ਕੇ ਮਾਸਕ ਤਿਆਰ ਕਰਨ ਦੇ ਕੰਮ ਵਿਚ ਸਾਬਕਾ ਨਕਸਲੀ ਰੀਨਾ ਵੀ ਲੱਗੀ ਹੋਈ ਹੈ। ਰੀਨਾ ਸਾਲ 2018 'ਚ ਨਕਸਲੀ ਸੰਗਠਨ ਨੂੰ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਈ ਸੀ। ਇਸ ਤੋਂ ਪਹਿਲਾਂ ਉਹ ਓਡੀਸ਼ਾ, ਛੱਤੀਸਗੜ੍ਹ ਦੀ ਸਰਹੱਦ 'ਚ ਸਰਗਰਮ ਸੀ ਅਤੇ ਕਈ ਨਕਸਲੀ ਘਟਨਾਵਾਂ 'ਚ ਸ਼ਾਮਲ ਰਹੀ ਹੈ। ਬੰਦੂਕ ਚਲਾਉਣ 'ਚ ਮਾਹਿਰ ਰੀਨਾ ਸਿਲਾਈ ਦਾ ਕੰਮ ਨਹੀਂ ਜਾਣਦੀ ਸੀ ਪਰ ਹਥਿਆਰ ਛੱਡ ਚੁੱਕੇ ਨਕਸਲੀਆਂ ਲਈ ਚੱਲਣ ਵਾਲੇ ਮੁੜ ਵਸੇਬੇ ਪ੍ਰੋਗਰਾਮ ਦੌਰਾਨ ਉਸ ਨੇ ਸਿਲਾਈ ਦਾ ਕੰਮ ਸਿੱਖ ਲਿਆ ਸੀ।


Tanu

Content Editor

Related News