‘ਸਟਿੰਗ ਆਪ੍ਰੇਸ਼ਨ’ ਮਾਮਲਾ; ਕਾਂਗਰਸ ਨੇ ਕ੍ਰਿਪਾ ਅਲਵਾ ਨੂੰ ਪਾਰਟੀ ’ਚੋਂ ਕੀਤਾ ਬਰਖਾਸਤ
Sunday, Nov 01, 2026 - 02:54 PM (IST)
ਬੈਂਗਲੁਰੂ (ਏਜੰਸੀ)- ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇ. ਪੀ. ਸੀ. ਸੀ.) ਨੇ ਸੂਬੇ ਵਿਚ ਕਾਂਗਰਸ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਟਿੰਗ ਆਪ੍ਰੇਸ਼ਨ ਵਿਚ ਕਥਿਤ ਸ਼ਮੂਲੀਅਤ ਦੇ ਚਲਦਿਆਂ ਪਾਰਟੀ ਦੀ ਸਾਬਕਾ ਜਨਰਲ ਸਕੱਤਰ ਕ੍ਰਿਪਾ ਅਲਵਾ ਨੂੰ ਤੁਰੰਤ ਪ੍ਰਭਾਵ ਤੋਂ 6 ਸਾਲਾਂ ਲਈ ਬਰਖਾਸਤ ਕਰ ਦਿੱਤਾ ਹੈ। ਕੇ. ਪੀ. ਸੀ. ਸੀ. ਦੇ ਉਪ ਪ੍ਰਧਾਨ ਐੱਮ. ਨਾਰਾਇਣਸਵਾਮੀ ਵੱਲੋਂ ਜਾਰੀ ਬਰਖਾਸਤਗੀ ਦੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਸ ਵਿਵਾਦ ਕਾਰਨ ਮੀਡੀਆ ਵਿਚ ਨਾਂਹ-ਪੱਖੀ ਪ੍ਰਚਾਰ ਅਤੇ ਪ੍ਰਤੀਕਿਰਿਆਵਾਂ ਨਾਲ ਪਾਰਟੀ ਨੂੰ ਸ਼ਰਮਸਾਰ ਹੋਣਾ ਪਿਆ ਹੈ।
ਇਸ ’ਚ ਕਿਹਾ ਗਿਆ ਹੈ ਕਿ ਇਸ ਸਟਿੰਗ ਆਪ੍ਰੇਸ਼ਨ ਮਾਮਲੇ ਵਿਚ ਤੁਹਾਡਾ ਨਾਂ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਵਿਚ ਤੁਹਾਡਾ ਵਿਵਹਾਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਬਰਾਬਰ ਹੈ। ਇਸ ਲਈ, ਕੇ. ਪੀ. ਸੀ. ਸੀ. ਪ੍ਰਧਾਨ ਦੇ ਨਿਰਦੇਸ਼ਾਂ ’ਤੇ ਤੁਹਾਨੂੰ ਤੁਰੰਤ ਪ੍ਰਭਾਵ ਤੋਂ 6 ਸਾਲਾਂ ਲਈ ਪਾਰਟੀ ’ਚੋਂ ਬਰਖਾਸਤ ਕੀਤਾ ਜਾਂਦਾ ਹੈ।
ਸਾਬਕਾ ਮੁੱਖ ਮੰਤਰੀ ਸਿੱਧਰਮੱਈਆ ਦੇ ਖਿਲਾਫ ਅਪਮਾਨਜਨਕ ਸਮੱਗਰੀ ਵਾਲੇ ਕਥਿਤ ਸਟਿੰਗ ਆਪ੍ਰੇਸ਼ਨ ਦੀ ਜਾਂਚ ਕਰ ਰਹੀ ਬੈਂਗਲੁਰੂ ਪੁਲਸ ਨੇ ਵੀਰਵਾਰ ਨੂੰ ਕਿਹਾ ਸੀ ਕਿ ਜਿਨਸੀ ਸ਼ੋਸ਼ਣ ਦਾ ਦੋਸ਼ ਇਕ ‘ਮਨਘੜਤ ਅਤੇ ਜਾਣਬੁੱਝ ਕੇ ਤਿਆਰ ਕੀਤੀ ਗਈ ਕਹਾਣੀ’ ਦਾ ਹਿੱਸਾ ਹੈ।
