‘ਸਟੈਚੂ ਆਫ ਯੂਨਿਟੀ’ ਦੇਖਣ ਲਈ ਲੋਕਾਂ ’ਚ ਭਾਰੀ ਉਤਸ਼ਾਹ
Saturday, Nov 10, 2018 - 11:06 AM (IST)

ਕੇਵੜੀਆ-ਗੁਜਰਾਤ ਦੇ ਨਰਮਦਾ ਜ਼ਿਲੇ ਦੇ ਕੇਵੜੀਆ ਨੇੜੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਬੁੱਤ ‘ਸਟੈਚੂ ਆਫ ਯੂਨਿਟੀ’ ਨੂੰ ਦੇਖਣ ਲਈ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਿਛਲੇ 2 ਦਿਨਾਂ ਦੌਰਾਨ ਇਸ ਵਿਸ਼ਾਲ ਬੁੱਤ ਨੂੰ ਵੇਖਣ ਲਈ 32,000 ਤੋਂ ਵੱਧ ਵਿਅਕਤੀ ਆਏ। ਲੋਕਾਂ ਦੀ ਭਾਰੀ ਭੀੜ ਹੋਣ ਕਾਰਨ ਸ਼ੁੱਕਰਵਾਰ ਟਿਕਟਾਂ ਦੀ ਵਿਕਰੀ ਨੂੰ ਕੁਝ ਸਮੇਂ ਲਈ ਬੰਦ ਕਰਨਾ ਪਿਆ।
ਸਰਦਾਰ ਸਰੋਵਰ ਨਿਗਮ ਦੇ ਮੁੱਖ ਇੰਜੀਨੀਅਰ ਵਿਆਸ ਨੇ ਦੱਸਿਆ ਕਿ ਬੁੱਤ ਦੇ ਦਿਲ ਵਾਲੀ ਥਾਂ ਕੋਲੋਂ ਬਾਹਰ ਦਾ ਨਜ਼ਾਰਾ ਵੇਖਣ ਲਈ ਬਣੀ ਵਿਊਇੰਗ ਗੈਲਰੀ ਤਕ 7 ਹਜ਼ਾਰ ਲੋਕਾਂ ਨੂੰ ਸ਼ੁੱਕਰਵਾਰ ਲਿਜਾਇਆ ਗਿਆ। ਉਥੇ ਵੱਧ ਤੋਂ ਵੱਧ ਸਮਰਥਾ 5 ਹਜ਼ਾਰ ਲੋਕਾਂ ਨੂੰ ਲਿਜਾਣ ਦੀ ਹੈ। ਸ਼ੁੱਕਰਵਾਰ 15 ਹਜ਼ਾਰ ਤੋਂ ਵੱਧ ਲੋਕਾਂ ਦੇ ਆ ਜਾਣ ਕਾਰਨ ਟਿਕਟਾਂ ਦੀ ਖਿੜਕੀ ਕੁਝ ਘੰਟਿਆ ਲਈ ਬੰਦ ਰੱਖੀ ਗਈ।
ਕੇਵੜੀਆ ਤੋਂ ਬੁੱਤ ਤਕ ਚੱਲਦੀਅਆਂ ਹਨ ਵਿਸ਼ੇਸ਼ ਬੱਸਾਂ
ਉਕਤ ਬੁੱਤ ਨੂੰ ਵੇਖਣ ਲਈ ਕੇਵੜੀਆ ਤੋਂ ਵਿਸ਼ੇਸ਼ ਬੱਸਾਂ ਚਲਾਈਆਂ ਜਾ ਰਹੀਆਂ ਹਨ। ਕੇਵੜੀਆ ਤੋਂ 19 ਕਿ. ਮੀ. ਦੂਰ ਸਥਿਤ ਉਕਤ ਬੁੱਤ ਤਕ ਜਾਣ ਅਤੇ ਮੁੜ ਕੇਵੜੀਆ ਵਾਪਸ ਲਿਆਉਣ ਲਈ ਪ੍ਰਤੀ ਮੁਸਾਫਰ 30 ਰੁਪਏ ਟਿਕਟ ਰੱਖੀ ਗਈ ਹੈ। ਯਾਤਰੀਆਂ ਨੂੰ ਬੁੱਤ ਸਣੇ 9 ਵੱਖ-ਵੱਖ ਥਾਵਾਂ ਦੇਖਣ ਦਾ ਮੌਕਾ ਮਿਲਦਾ ਹੈ। ਸਟੈਚੂ ਆਫ ਯੂਨਿਟੀ ਕੰਪਲੈਕਸ ਅੰਦਰ ਦਾਖਲ ਹੋਣ ਲਈ ਬਾਲਗਾਂ ਲਈ ਟਿਕਟ ਦਾ ਰੇਟ 350 ਰੁਪਏ ਹੈ ਜਦਕਿ ਬੱਚਿਆਂ ਲਈ 200 ਰੁਪਏ ਹੈ। ਇਸ ਦੇ ਇਲਾਵਾ ਜੇ ਕੋਈ ਵਿਅਕਤੀ ਬੁੱਤ ਦੇ ਅੰਦਰ ਦਿਲ ਤਕ ਨਹੀਂ ਜਾਣਾ ਚਾਹੁੰਦਾ ਹੈ ਤਾਂ ਬਾਲਗ ਲਈ 120 ਰੁਪਏ ਅਤੇ ਬੱਚਿਆਂ ਲਈ 60 ਰੁਪਏ ਟਿਕਟ ਹੈ।