ਮਾਂ ਬੋਲੀ ’ਚ ਤਕਨਾਲੋਜੀ, ਮੈਡੀਕਲ ਅਤੇ ਕਾਨੂੰਨੀ ਸਿੱਖਿਆ ਦੇਣ ਨੂੰ ਪਹਿਲ ਦੇਣ ਸੂਬੇ: ਸ਼ਾਹ

11/30/2022 1:07:26 PM

ਅਹਿਮਦਾਬਾਦ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸੂਬਿਆਂ ਨੂੰ ਮੈਡੀਕਲ, ਤਕਨਾਲੋਜੀ ਅਤੇ ਕਾਨੂੰਨ ਦੇ ਖੇਤਰ ’ਚ ਹਿੰਦੀ ਜਾਂ ਖੇਤਰੀ ਭਾਸ਼ਾਵਾਂ ’ਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਪਹਿਲੀ ਕਰਨੀ ਚਾਹੀਦੀ ਹੈ, ਤਾਂ ਕਿ ਦੇਸ਼ ਗੈਰ-ਅੰਗਰੇਜ਼ੀ ਭਾਸ਼ੀ ਵਿਦਿਆਰਥੀਆਂ ਦੇ ਹੁਨਰ ਦਾ ਇਸਤੇਮਾਲ ਕਰ ਸਕੇ। ਹਿੰਦੀ ਅਤੇ ਖੇਤਰੀ ਭਾਸ਼ਾਵਾਂ ’ਚ ਸਿੱਖਿਆ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਂ ਬੋਲੀ ’ਚ ਪੜ੍ਹਾਇਆ ਜਾਵੇ ਤਾਂ ਉਨ੍ਹਾਂ ’ਚ ਆਸਾਨੀ ਨਾਲ ਮੌਲਿਕ ਸੋਚ ਦੀ ਪ੍ਰਕਿਰਿਆ ਵਿਕਸਿਤ ਹੋ ਸਕਦੀ ਹੈ ਅਤੇ ਇਸ ਨਾਲ ਖੋਜ ਅਤੇ ਨਵੀਨਤਾ ਨੂੰ ਹੱਲਾ-ਸ਼ੇਰੀ ਮਿਲੇਗੀ।

ਸ਼ਾਹ ਨੇ ਇਕ ਨਿਊਜ਼ ਏਜੰਸੀ ਨੂੰ ਇੰਟਰਵਿਊ ’ਚ ਕਿਹਾ ਕਿ ਤਕਨਾਲੋਜੀ, ਮੈਡੀਕਲ ਅਤੇ ਕਾਨੂੰਨ ਸਾਰੇ ਵਿਸ਼ਿਆਂ ਨੂੰ ਹਿੰਦੀ ਅਤੇ ਖੇਤਰੀ ਭਾਸ਼ਾਵਾਂ ’ਚ ਪੜ੍ਹਾਇਆ ਜਾਣਾ ਚਾਹੀਦਾ ਹੈ। ਸਾਰੀਆਂ ਸੂਬਾ ਸਰਕਾਰਾਂ ਨੂੰ ਸਿੱਖਿਆ ਦੇ ਇਨ੍ਹਾਂ ਤਿੰਨਾਂ ਖੇਤਰਾਂ ਦੇ ਸਿਲੇਬਸ ਦਾ ਖੇਤਰੀ ਭਾਸ਼ਾਵਾਂ ਵਿਚ ਉਚਿਤ ਅਨੁਵਾਦ ਕਰਵਾਉਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ। ਅੱਜ ਅਸੀਂ ਦੇਸ਼ ਦੇ ਹੁਨਰ ਦਾ ਸਿਰਫ਼ 5 ਫ਼ੀਸਦੀ ਹੀ ਇਸਤੇਮਾਲ ਕਰ ਸਕਦੇ ਹਾਂ ਪਰ ਇਸ ਪਹਿਲਕਦਮੀ ਨਾਲ ਅਸੀਂ ਦੇਸ਼ ਦੇ 100 ਫ਼ੀਸਦੀ ਹੁਨਰ ਦੀ ਵਰਤੋਂ ਕਰ ਸਕਾਂਗੇ।

ਇਤਿਹਾਸ ਦੀ ਸਿੱਖਿਆ ’ਤੇ ਸ਼ਾਹ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ 300 ਮਹਾਨ ਨੇਤਾਵਾਂ ਦਾ ਅਧਿਐਨ ਕਰਨ ਦੀ ਤਾਕੀਦ ਕਰਦੇ ਹਨ, ਜਿਨ੍ਹਾਂ ਨੂੰ ਇਤਿਹਾਸਕਾਰਾਂ ਵੱਲੋਂ ਉਚਿਤ ਕ੍ਰੈਡਿਟ ਨਹੀਂ ਦਿੱਤਾ ਗਿਆ ਹੈ। ਨਾਲ ਹੀ 30 ਅਜਿਹੇ ਸਾਮਰਾਜਾਂ ਬਾਰੇ ਜਾਣਨ ਦੀ ਬੇਨਤੀ ਕੀਤੀ, ਜਿਨ੍ਹਾਂ ਨੇ ਭਾਰਤ 'ਤੇ ਰਾਜ ਕੀਤਾ ਅਤੇ ਸ਼ਾਸਨ ਦਾ ਇਕ ਬਹੁਤ ਵਧੀਆ ਮਾਡਲ ਸਥਾਪਤ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਅਤੇ ਵਿਦਿਆਰਥੀ ਦੇਸ਼ ਦੇ ‘ਅਸਲੀ ਇਤਿਹਾਸ’ ਬਾਰੇ ਜਾਣਨ।


Tanu

Content Editor

Related News