ਰਿਆਇਤਾਂ ਨੂੰ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਲਾਗੂ ਕਰਨ ਸੂਬੇ : ਸ਼ਾਹ
Sunday, Apr 19, 2020 - 11:37 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਕਾਰਣ ਦੇਸ਼ ’ਚ ਲਾਗੂ ਲਾਕਡਾਊਨ ਦੇ ਮੱਦੇਨਜ਼ਰ ਜਾਰੀ ਦਿਸ਼ਾ ਨਿਰਦੇਸ਼ਾਂ ’ਚ ਸੋਮਵਾਰ ਤੋਂ ਕੁਝ ਸਰਗਰਮੀਆਂ ’ਚ ਛੋਟ ਦੇਣ ਦੀਆਂ ਵਿਵਸਥਾਵਾਂ ਬਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਹੱਤਵਪੂਰਨ ਬਿੰਦੂਆਂ ’ਤੇ ਚਰਚਾ ਕਰਨ ਜਿਸ ਨਾਲ ਦੇਸ਼ ਭਰ ’ਚ ਹਾਲਾਤ ਨੂੰ ਕੰਟਰੋਲ ’ਚ ਰੱਖਿਆ ਜਾ ਸਕੇ। ਗ੍ਰਹਿ ਮੰਤਰਾਲਾ ਨੇ ਅੱਜ ਜਾਰੀ ਬਿਆਨ ’ਚ ਕਿਹਾ ਕਿ ਸ਼ਾਹ ਨੇ ਸ਼ਨੀਵਾਰ ਨੂੰ ਮੀਟਿੰਗ ’ਚ ਵੱਖ-ਵੱਖ ਸੂਬਿਆਂ ’ਚ ਕੋਰੋਨਾ ਕਾਰਣ ਪੈਦਾ ਹੋਈ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਮੁਹਿੰਮ ਜਾਰੀ ਹੈ। ਇਸ ਲਈ ਲਾਕਡਾੳੂਨ ਦੀਆਂ ਪਾਬੰਦੀਆਂ ਦੇ ਨਾਲ-ਨਾਲ ਸਮੇਂ ਸਮੇਂ ’ਤੇ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੋ ਇਲਾਕੇ ਹਾਟਸਪਾਟ/ਕਲਸਟਰਜ਼/ਕੰਟੇਨਮੈਂਟ ਜ਼ੋਨ ’ਚ ਨਹੀਂ ਆਉਂਦੇ, ਜਿਨ੍ਹਾਂ ਵਿਚ ਕੁਝ ਸਰਗਰਮੀਆਂ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਉਥੇ ਸਾਵਧਾਨੀ ਵਰਤਣੀ ਚਾਹੀਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਨੂੰ ਬਲ ਦੇਣ ਲਈ ਦਿਹਾਤੀ ਇਲਾਕਿਆਂ ’ਚ ਕੁਝ ਆਰਥਿਕ ਸਰਗਰਮੀਆਂ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਜ਼ਿਲਾ ਅਧਿਕਾਰੀਆਂ ਨੂੰ ਉਦਯੋਗ ਸਮੂਹਾਂ ਦੇ ਸਹਿਯੋਗ ਨਾਲ ਸੂਬਿਆਂ ਦੇ ਅੰਦਰ ਹੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਕਾਰਜ ਸਥਾਨ ’ਤੇ ਤਬਦੀਲ ਕਰਨ ਦੀ ਵਿਵਸਥਾ ਕਰਨੀ ਚਾਹੀਦੀ ਹੈ।