ਪਹਿਲੇ ਜੱਥੇ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ, ਆਰਤੀ ''ਚ ਉਮੜਿਆ ਆਸਥਾ ਦਾ ਸੈਲਾਬ
Thursday, Jul 03, 2025 - 10:34 AM (IST)

ਜੰਮੂ-ਕਸ਼ਮੀਰ- 38 ਦਿਨਾਂ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਦੀ ਸ਼ੁਰੂਆਤ ਅੱਜ ਯਾਨੀ ਕਿ 3 ਜੁਲਾਈ ਤੋਂ ਹੋ ਗਈ ਹੈ। ਵੀਰਵਾਰ ਸਵੇਰੇ ਆਰਤੀ ਨਾਲ ਯਾਤਰਾ ਰਸਮੀ ਤੌਰ 'ਤੇ ਸ਼ੁਰੂ ਹੋ ਗਈ। ਅਮਰਨਾਥ ਗੁਫਾ ਮੰਦਰ ਵਿਚ ਬਾਬਾ ਬਰਫ਼ਾਨੀ ਦੀ ਆਰਤੀ ਦੌਰਾਨ ਦੇਸ਼ ਭਰ ਤੋਂ ਆਏ ਹਜ਼ਾਰਾਂ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ। ਸ਼ਿਵ ਦੇ ਰੰਗ ਵਿਚ ਰੰਗੇ ਸ਼ਰਧਾਲੂਆਂ ਨੇ 'ਹਰ ਹਰ ਮਹਾਦੇਵ' ਅਤੇ 'ਬਮ ਬਮ ਭੋਲੇ' ਦੇ ਜੈਕਾਰੇ ਲਾਏ। ਅਮਰਨਾਥ ਯਾਤਰਾ ਲਈ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪਾਂ ਤੋਂ ਪਹਿਲਾ ਜੱਥਾ ਅੱਜ ਸਵੇਰੇ ਗੁਫਾ ਲਈ ਰਵਾਨਾ ਹੋਇਆ। ਗੁਫਾ ਦਾ ਅਧਿਆਤਮਕ ਵਾਤਾਵਰਣ ਭਗਤੀ ਅਤੇ ਸ਼ਰਧਾ ਨਾਲ ਰੰਗਿਆ ਨਜ਼ਰ ਆਇਆ। ਭੋਲੇਨਾਥ ਦੇ ਜੈਕਾਰਿਆਂ ਨਾਲ ਆਰਤੀ ਵਿਚ ਸ਼ਾਮਲ ਹੋ ਕੇ ਸ਼ਰਧਾਲੂ ਇਸ ਤੀਰਥ ਯਾਤਰਾ ਦਾ ਹਿੱਸਾ ਬਣੇ।
ਓਧਰ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਵਿਧੂਰੀ ਨੇ ਕਿਹਾ ਕਿ ਸ਼ਰਧਾਲੂਆਂ 'ਚ ਪੂਰਾ ਉਤਸ਼ਾਹ ਹੈ ਅਤੇ ਮੈਂ ਕਾਮਨਾ ਕਰਦਾ ਹਾਂ ਕਿ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਦੇਸ਼ ਤੇ ਕਸ਼ਮੀਰ ਵਿਚ ਸ਼ਾਂਤੀ ਬਣੇ ਰਹੇ। ਜੰਮੂ-ਕਸ਼ਮੀਰ ਪੁਲਸ, ਫ਼ੌਜ ਅਤੇ ਹੋਰ ਸੁਰੱਖਿਆ ਫੋਰਸਾਂ ਦੀ ਚੌਕਸ ਨਿਗਰਾਨੀ ਵਿਚ ਅਮਰਨਾਥ ਯਾਤਰਾ ਸ਼ਾਂਤੀਪੂਰਨ ਜਾਰੀ ਹੈ। ਹਰ ਯਾਤਰੀ ਲਈ ਮੈਡੀਕਲ ਸਰਟੀਫ਼ਿਕੇਟ, ਰਜਿਸਟ੍ਰੇਸ਼ਨ ਅਤੇ ਪਛਾਣ ਪੱਤਰ ਜ਼ਰੂਰੀ ਕੀਤੇ ਗਏ ਹਨ।
ਦੱਸ ਦੇਈਏ ਕਿ ਅਮਰਨਾਥ ਯਾਤਰਾ 3 ਜੁਲਾਈ ਤੋਂ 9 ਅਗਸਤ 2025 ਤੱਕ ਚੱਲੇਗੀ। ਹਰ ਸਾਲ ਦੇਸ਼ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਤੀਰਥ ਯਾਤਰੀ ਜੰਮੂ-ਕਸ਼ਮੀਰ ਵਿਚ ਅਮਰਨਾਥ ਦੀ ਪਵਿੱਤਰ ਗੁਫਾ ਵਿਚ ਦਰਸ਼ਨ ਕਰਦੇ ਹਨ। ਇਹ ਗੁਫਾ ਸਮੁੰਦਰ ਤਲ ਤੋਂ 12,700 ਫੁਟ ਤੋਂ ਜ਼ਿਆਦਾ ਉੱਚਾਈ 'ਤੇ ਸਥਿਤ ਹੈ ਅਤੇ ਇਸ ਵਿਚ ਕੁਦਰਤੀ ਰੂਪ ਨਾਲ ਬਣਿਆ ਬਰਫ਼ ਦਾ ਸ਼ਿਵਲਿੰਗ ਹੈ, ਜਿਸ ਨੂੰ ਭਗਵਾਨ ਸ਼ਿਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ।