IYC ਚੀਫ਼ ਤੋਂ ਦਿੱਲੀ ਪੁਲਸ ਨੇ ਕੀਤੀ ਪੁੱਛ-ਗਿੱਛ, ਰਾਹੁਲ ਬੋਲੇ- ਬਚਾਉਣ ਵਾਲਾ ਹਮੇਸ਼ਾ ਮਾਰਨ ਵਾਲੇ ਤੋਂ ਵੱਡਾ ਹੁੰਦਾ ਹੈ
Friday, May 14, 2021 - 05:34 PM (IST)
ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਾਲੇ ਆਮ ਲੋਕਾਂ ਨੂੰ ਦਵਾਈਆਂ ਅਤੇ ਬਾਕੀ ਚੀਜ਼ਾਂ ਵੰਡ ਕੇ ਮਦਦ ਕਰਨ ਵਾਲੇ ਭਾਰਤੀ ਯੂਥ ਕਾਂਗਰਸ (ਆਈ.ਵਾਈ.ਸੀ.) ਦੇ ਪ੍ਰਧਾਨ ਸ਼੍ਰੀਨਿਵਾਸ ਬੀ ਵੀ ਤੋਂ ਹੁਣ ਦਿੱਲੀ ਪੁਲਸ ਪੁੱਛ-ਗਿੱਛ ਕਰ ਰਹੀ ਹੈ। ਸ਼੍ਰੀਨਿਵਾਸ ਤੋਂ ਪੁੱਛ-ਗਿੱਛ ਨੂੰ ਲੈ ਕੇ ਕਾਂਗਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਬਚਾਉਣ ਵਾਲਾ ਹਮੇਸ਼ਾ ਮਾਰਨ ਵਾਲੇ ਨਾਲੋਂ ਵੱਡਾ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਈ ਸਟੈਂਡ ਵਿਦ ਆਈ.ਵਾਈ.ਸੀ. ਹੈਸ਼ਟੈਗ ਯੂਜ਼ ਕੀਤਾ ਹੈ।
ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਦੇ ਆਦੇਸ਼ 'ਤੇ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੋਕਾਂ ਨੂੰ ਮਦਦ ਮੁਹੱਈਆ ਕਰਵਾਉਣ ਲਈ ਇੰਡੀਅਨ ਯੂਥ ਕਾਂਗਰਸ ਦੇ ਚੀਫ਼ ਸ਼੍ਰੀਨਿਵਾਸ ਬੀ ਵੀ ਤੋਂ ਸ਼ੁੱਕਰਵਾਰ ਨੂੰ ਪੁੱਛਗਿੱਛ ਕੀਤੀ। ਪੁਲਸ ਦੀ ਪੁੱਛ-ਗਿੱਛ 'ਚ ਸ਼੍ਰੀਨਿਵਾਸ ਨੇ ਦੱਸਿਆ,''ਪੁਲਸ ਨੇ ਸ਼ੁੱਕਰਵਾਰ ਸਵੇਰੇ ਮੈਨੂੰ ਫੋਨ ਕੀਤਾ ਅਤੇ ਦਿਨ 'ਚ ਕਰੀਬ 11.45 ਵਜੇ ਮੇਰੇ ਦਫ਼ਤਰ ਪਹੁੰਚੀ। ਉਨ੍ਹਾਂ ਨੇ ਮੇਰੇ ਤੋਂ ਪੁੱਛ-ਗਿੱਛ ਕੀਤੀ ਕਿ ਤੁਸੀਂ ਇਹ ਸਭ ਕਿਵੇਂ ਕਰ ਰਹੇ ਹੋ।'' ਹਾਲਾਂਕਿ ਦਿੱਲੀ ਪੁਲਸ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਪੁੱਛ-ਗਿੱਛ ਕੀਤੀ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਈ ਕੋਰਟ ਨੇ ਕੋਰੋਨਾ ਵਾਇਰਸ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਅਤੇ ਹੋਰ ਸਮੱਗਰੀਆਂ ਦੀ ਵੰਡ 'ਚ ਸ਼ਾਮਲ ਨੇਤਾਵਾਂ ਤੋਂ ਦਿੱਲੀ ਪੁਲਸ ਨੂੰ ਪੁੱਛ-ਗਿੱਛ ਕਰਨ ਅਤੇ ਅਪਰਾਧ ਦੇ ਮਾਮਲੇ 'ਚ ਸ਼ਿਕਾਇਤ ਦਰਜ ਕਰਨ ਲਈ ਕਿਹਾ ਸੀ।