ਸ਼੍ਰੀਨਗਰ ''ਚ ਫਸੇ ਸੈਲਾਨੀਆਂ ਲਈ ਹੋਟਲ ਨੇ ਖੋਲ੍ਹੇ ਦਰਵਾਜ਼ੇ, ਕਿਹਾ- ''ਸਾਰਿਆਂ ਦਾ ਸਵਾਗਤ''

Wednesday, Feb 27, 2019 - 05:29 PM (IST)

ਸ਼੍ਰੀਨਗਰ ''ਚ ਫਸੇ ਸੈਲਾਨੀਆਂ ਲਈ ਹੋਟਲ ਨੇ ਖੋਲ੍ਹੇ ਦਰਵਾਜ਼ੇ, ਕਿਹਾ- ''ਸਾਰਿਆਂ ਦਾ ਸਵਾਗਤ''

ਸ਼੍ਰੀਨਗਰ (ਭਾਸ਼ਾ)—ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦਰਮਿਆਨ ਕਸ਼ਮੀਰ ਦੇ ਇਕ ਹੋਟਲ ਨੇ ਉੱਥੇ ਫਸੇ ਹੋਏ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ। ਇੱਥੇ ਦੱਸ ਦੇਈਏ ਕਿ ਬੁੱਧਵਾਰ ਨੂੰ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਵਲੋਂ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਣ ਕਾਰਨ ਸੁਰੱਖਿਆ ਦੀ ਨਜ਼ਰ ਤੋਂ ਦੇਸ਼ ਦੇ ਤਮਾਮ ਹਵਾਈ ਅੱਡਿਆਂ 'ਤੇ ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ। ਸ਼੍ਰੀਨਗਰ ਹਵਾਈ ਅੱਡੇ 'ਤੇ ਉਡਾਣਾਂ ਰੁਕਣ ਕਾਰਨ ਸੈਲਾਨੀ ਫਸ ਗਏ। 'ਦਿ ਕੈਸਰ ਹੋਟਲ' ਦੇ ਪ੍ਰਧਾਨ ਸ਼ੇਖ ਬਸ਼ੀਰ ਅਹਿਮਦ ਨੇ ਦੱਸਿਆ ਕਿ ਅਸੀਂ ਮੌਜੂਦਾ ਹਾਲਾਤ ਦੀ ਵਜ੍ਹਾ ਕਰ ਕੇ ਕਸ਼ਮੀਰ ਵਿਚ ਫਸੇ ਸੈਲਾਨੀਆਂ ਨੂੰ ਮੁਫ਼ਤ ਰਹਿਣ ਅਤੇ ਖਾਣੇ ਦੀ ਸਹੂਲਤ ਦੀ ਪੇਸ਼ਕਸ਼ ਕਰ ਰਹੇ ਹਾਂ।

ਉਨ੍ਹਾਂ ਨੇ ਦੱਸਿਆ ਕਿ ਜਵਾਹਰ ਨਗਰ ਵਿਚ ਸਥਿਤ ਉਨ੍ਹਾਂ ਦੇ ਹੋਟਲ ਵਿਚ 30 ਕਮਰੇ ਹਨ। ਅਹਿਮਦ ਨੇ ਦੱਸਿਆ ਕਿ ਸਾਰਿਆਂ ਦਾ ਸਵਾਗਤ ਹੈ ਅਤੇ ਉਹ ਹਾਲਾਤ ਸੁਧਰਨ ਤਕ ਸਾਡੇ ਨਾਲ ਰਹਿ ਸਕਦੇ ਹਨ। ਕਸ਼ਮੀਰ ਵਿਚ ਫਸੇ ਸੈਲਾਨੀਆਂ ਦੀ ਗਿਣਤੀ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ, ਸੈਲਾਨੀ ਹਵਾਈ ਅੱਡਾ ਅਤੇ ਹਾਈਵੇਅ ਬੰਦ ਹੋਣ ਦੀ ਵਜ੍ਹਾ ਕਰ ਕੇ ਫਸ ਗਏ ਹਨ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਕਿਹਾ ਕਿ ਸ਼੍ਰੀਨਗਰ ਵਿਚ ਸੰਚਾਲਨ ਨੂੰ ਫਿਲਹਾਲ ਬਹਾਲ ਕਰ ਦਿੱਤਾ ਗਿਆ ਹੈ।


author

Tanu

Content Editor

Related News