ਸ਼੍ਰੀਨਗਰ-ਬਾਰਾਮੂਲਾ ਹਾਈਵੇਅ ''ਤੇ ਟਲਿਆ ਵੱਡਾ ਹਾਦਸਾ, ਸੁਰੱਖਿਆ ਦਸਤੇ ਨੇ IED ਕੀਤਾ ਨਸ਼ਟ
Tuesday, Aug 04, 2020 - 12:20 PM (IST)

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ 'ਚ ਸ਼੍ਰੀਨਗਰ-ਬਾਰਾਮੂਲਾ ਹਾਈਵੇਅ 'ਤੇ ਸੁਰੱਖਿਆ ਦਸਤਿਆਂ ਦੀ ਚੌਕਸੀ ਕਾਰਨ ਮੰਗਲਵਾਰ ਯਾਨੀ ਕਿ ਅੱਜ ਉਸ ਸਮੇਂ ਇਕ ਵੱਡਾ ਹਾਦਸਾ ਟਲ ਗਿਆ। ਸੁਰੱਖਿਆ ਦਸਤਿਆਂ ਨੇ ਇਕ ਸ਼ਕਤੀਸ਼ਾਲੀ ਵਿਸਫੋਟਕ ਉਪਕਰਣ (ਆਈ. ਈ. ਡੀ.) ਦਾ ਪਤਾ ਲਾ ਕੇ ਉਸ ਨੂੰ ਨਸ਼ਟ ਕਰ ਦਿੱਤਾ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 29 ਰਾਸ਼ਟਰੀ ਰਾਈਫਲ ਦੇ ਜਵਾਨਾਂ ਨੇ ਅੱਤਵਾਦੀਆਂ ਵਲੋਂ ਇਕ ਪੈਟਰੋਲ ਪੰਪ ਨੇੜੇ ਹਾਈਵੇਅ 'ਤੇ ਲਾਏ ਗਏ ਆਈ. ਈ. ਡੀ. ਨੂੰ ਅੱਜ ਸਵੇਰੇ ਲੱਭਿਆ। ਸੁਰੱਖਿਆ ਦਸਤੇ ਸ਼੍ਰੀਨਗਰ-ਬਾਰਾਮੂਲਾ ਹਾਈਵੇਅ 'ਤੇ ਗਸ਼ਤ ਕਰ ਰਹੇ ਸਨ, ਜਿਸ ਸਮੇਂ ਉਨ੍ਹਾਂ ਨੂੰ ਸ਼ੱਕੀ ਚੀਜ਼ ਨਜ਼ਰ ਆਈ। ਉਨ੍ਹਾਂ ਨੇ ਤੁਰੰਤ ਘੇਰਾਬੰਦੀ ਕਰ ਕੇ ਬੰਬ ਰੋਕੂ ਦਸਤੇ ਨੂੰ ਬੁਲਾਇਆ। ਜਿਸ ਤੋਂ ਬਾਅਦ ਆਈ. ਈ. ਡੀ. 'ਚ ਧਮਾਕੇ ਤੋਂ ਪਹਿਲਾਂ ਉਸ ਨੂੰ ਨਸ਼ਟ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਭਾਰਤੀ ਜਵਾਨ ਅੱਤਵਾਦੀ ਮਨਸੂਬਿਆਂ ਨੂੰ ਨਾਕਾਮ ਕਰਦੇ ਹੋਏ ਕਸ਼ਮੀਰ ਘਾਟੀ ਵਿਚ ਇਕ ਵੱਡੇ ਹਾਦਸੇ ਨੂੰ ਵਾਪਰਣ ਤੋਂ ਪਹਿਲਾਂ ਰੋਕ ਦਿੱਤਾ ਹੈ। ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਅੱਤਵਾਦੀਆਂ ਵਲੋਂ ਆਈ. ਈ. ਡੀ. ਦਾ ਸਮੇਂ ਰਹਿੰਦੇ ਪਤਾ ਲਾ ਕੇ ਸੁਰੱਖਿਆ ਦਸਤਿਆਂ ਨੇ ਵੱਡੇ ਹਮਲੇ ਨੂੰ ਨਾਕਾਮ ਬਣਾ ਦਿੱਤਾ।