NIA ਦੀ ਵੱਡੀ ਕਾਰਵਾਈ: ਪਾਕਿਸਤਾਨ ਨਾਲ ਜੁੜਿਆ ਜਾਸੂਸ ਕੋਲਕਾਤਾ ’ਚ ਗ੍ਰਿਫ਼ਤਾਰ
Thursday, May 21, 2026 - 02:48 AM (IST)
ਕੋਲਕਾਤਾ - ਪਾਕਿਸਤਾਨ ਨਾਲ ਜੁੜੇ ਇਕ ਜਾਸੂਸ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੋਲਕਾਤਾ ਵਿਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜ਼ਫ਼ਰ ਰਿਆਜ਼ ਵਜੋਂ ਹੋਈ ਹੈ। ਉਸ ਨੂੰ ਪਹਿਲਾਂ ਵੀ ਜਾਸੂਸੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਜਾਸੂਸ ਪਿਛਲੇ ਕਾਫ਼ੀ ਸਮੇਂ ਤੋਂ ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਸੀ। ਏਜੰਸੀ ਨੇ ਇਸ ਦੇ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ। ਉਸ ਦੇ ਖ਼ਿਲਾਫ਼ ਹੋਰ ਸਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ। ਐੱਨ.ਆਈ.ਏ. ਮੁਤਾਬਕ ਜ਼ਫ਼ਰ ਰਿਆਜ਼ ਉਰਫ਼ ਰਿਜ਼ਵੀ ਨੇ ਇਕ ਵਿਆਹ ਪਾਕਿਸਤਾਨੀ ਮਹਿਲਾ ਨਾਲ ਕੀਤਾ ਸੀ, ਜਿਸ ਕਾਰਨ ਉਸ ਦੇ ਬੱਚੇ ਵੀ ਪਾਕਿਸਤਾਨੀ ਨਾਗਰਿਕ ਹਨ।
ਏਜੰਸੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਕੋਲਕਾਤਾ ਨਿਵਾਸੀ ਰਿਆਜ਼ 2005 ਤੋਂ ਬਾਅਦ ਲਗਾਤਾਰ ਆਪਣੇ ਸਹੁਰੇ ਘਰ ਪਾਕਿਸਤਾਨ ਦੀ ਯਾਤਰਾ ਕਰਦਾ ਰਿਹਾ ਹੈ। ਇਸੇ ਦੌਰਾਨ ਪਾਕਿਸਤਾਨੀ ਖੁਫ਼ੀਆ ਏਜੰਸੀ ਦੇ ਅਧਿਕਾਰੀਆਂ ਨੇ ਉਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਉਸ ਨੂੰ ਪੈਸਿਆਂ ਅਤੇ ਪਾਕਿਸਤਾਨੀ ਨਾਗਰਿਕਤਾ ਦਾ ਲਾਲਚ ਦਿੱਤਾ ਅਤੇ ਭਾਰਤ ਦੀ ਜਾਸੂਸੀ ਕਰਨ ਲਈ ਤਿਆਰ ਕਰ ਲਿਆ। ਇਸ ਤੋਂ ਬਾਅਦ ਉਹ ਲਗਾਤਾਰ ਆਈ.ਐੱਸ.ਆਈ. ਦੇ ਅਧਿਕਾਰੀਆਂ ਦੇ ਸੰਪਰਕ ਵਿਚ ਬਣਿਆ ਰਿਹਾ। ਉਸ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
