ਵੰਦੇ ਭਾਰਤ ''ਚ ਖਰਾਬ ਦਹੀ ਪਰੋਸਣ ''ਤੇ ਵੱਡੀ ਕਾਰਵਾਈ: IRCTC ਨੇ ਅਮੂਲ ਨੂੰ ਦਿੱਤਾ ਨੋਟਿਸ

Friday, Mar 27, 2026 - 07:15 PM (IST)

ਵੰਦੇ ਭਾਰਤ ''ਚ ਖਰਾਬ ਦਹੀ ਪਰੋਸਣ ''ਤੇ ਵੱਡੀ ਕਾਰਵਾਈ: IRCTC ਨੇ ਅਮੂਲ ਨੂੰ ਦਿੱਤਾ ਨੋਟਿਸ

ਨੈਸ਼ਨਲ ਡੈਸਕ- ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਵਿੱਚ ਖਾਣੇ ਦੀ ਗੁਣਵੱਤਾ ਵਿੱਚ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਰੇਲਵੇ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਪਟਨਾ-ਟਾਟਾਨਗਰ ਵੰਦੇ ਭਾਰਤ ਐਕਸਪ੍ਰੈਸ (ਟ੍ਰੇਨ ਨੰਬਰ 21896) ਵਿੱਚ ਇੱਕ ਯਾਤਰੀ ਵੱਲੋਂ ਖਰਾਬ ਦਹੀ ਦਿੱਤੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਇੰਡੀਅਨ ਰੇਲ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਡੇਅਰੀ ਦਿੱਗਜ ਅਮੂਲ (Amul) ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਹੈ।

ਠੇਕੇਦਾਰ 'ਤੇ 50 ਲੱਖ ਦਾ ਭਾਰੀ ਜੁਰਮਾਨਾ 

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਰੇਲਵੇ ਨੇ ਕੈਟਰਿੰਗ ਸੇਵਾ ਦੇਣ ਵਾਲੀ ਕੰਪਨੀ 'ਤੇ 50 ਲੱਖ ਰੁਪਏ ਦਾ ਭਾਰੀ ਜੁਰਮਾਨਾ ਠੋਕਿਆ ਹੈ। ਇਸ ਤੋਂ ਇਲਾਵਾ, IRCTC 'ਤੇ ਵੀ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪ੍ਰਸ਼ਾਸਨ ਨੇ ਸਬੰਧਤ ਕੈਟਰਿੰਗ ਠੇਕੇਦਾਰ ਦਾ ਕੰਟਰੈਕਟ ਖਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਬਲੈਕਲਿਸਟ ਕਰਨ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਨਾ ਹੋਵੇ।

ਜ਼ਿਕਰਯੋਗ ਹੈ ਕਿ ਇਹ ਮਾਮਲਾ 15 ਮਾਰਚ ਦਾ ਹੈ, ਜਦੋਂ ਟ੍ਰੇਨ ਵਿੱਚ ਸਫਰ ਕਰ ਰਹੇ ਇੱਕ ਯਾਤਰੀ ਨੇ ਪਰੋਸੇ ਗਏ ਦਹੀ ਦੇ ਖਰਾਬ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ। ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਯਾਤਰੀਆਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣਾ ਉਸ ਦੀ ਮੁੱਖ ਤਰਜੀਹ ਹੈ ਅਤੇ ਅਜਿਹੀ ਕਿਸੇ ਵੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਘਟਨਾ ਤੋਂ ਬਾਅਦ ਰੇਲਵੇ ਅਤੇ IRCTC ਨੇ ਟ੍ਰੇਨਾਂ ਵਿੱਚ ਪਰੋਸੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਦੀ ਨਿਗਰਾਨੀ ਨੂੰ ਹੋਰ ਸਖ਼ਤ ਕਰਨ ਦੇ ਸੰਕੇਤ ਦਿੱਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।


author

Rakesh

Content Editor

Related News